ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 24 ਅਪ੍ਰੈਲ 2020 - ਚੀਨ ਦੇ ਵੁਹਾਨ ਸ਼ਹਿਰ ਤੋ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਪ੍ਰਕੋਪ ਅੱਜ ਪੂਰੇ ਵਿਸ਼ਵ ਵਿੱਚ ਫੈਲ ਚੁੱਕਿਆ ਹੈ। ਇਸ ਵਾਇਰਸ ਨਾਲ ਪੂਰੇ ਵਿਸ਼ਵ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ। ਕਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਅਹਿਮ ਰੋਲ ਨਿਭਾ ਰਿਹਾ ਹੈ। ਇਸ ਦੇ ਨਾਲ - ਨਾਲ ਪੱਤਰਕਾਰ ਭਾਈਚਾਰਾ ਵੀ ਆਪਣੀ ਅਹਿਮ ਡਿਊਟੀ ਨਿਭਾ ਰਹੇ ਹਨ ਪਰ ਪੱਤਰਕਾਰਾਂ ਨੂੰ ਸਰਕਾਰ ਵੱਲੋਂ ਕੋਈ ਬੀਮੇ ਦੀ ਸਹੂਲਤ ਨਹੀ ਦਿੱਤੀ ਗਈ ਹੈ। ਹਰਿਆਣਾ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਬੀਮੇ ਦੀ ਸਹੂਲਤ ਦਿੱਤੀ ਗਈ ਹੈ।
ਅੱਜ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਸਿੰਘ ਸੰਨੀ ਬਰਾੜ ਨੂੰ ਮੰਗ ਪੱਤਰ ਦਿੱਤਾ। ਜਿਸ 'ਚ' ਮੰਗ ਕੀਤੀ ਗਈ ਕਿ ਪੱਤਰਕਾਰ ਭਾਈਚਾਰਾ ਵੀ ਇਸ ਵਾਇਰਸ ਦੇ ਪ੍ਰਕੋਪ ਦੀ ਸਚਾਈ ਦਰਸ਼ਕਾਂ ਨੂੰ ਘਰ ਬੈਠੇ ਦਿਖਾ ਰਿਹਾ ਹੈ ਅਤੇ ਸਰਕਾਰ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਸੰਦੇਸ਼ ਵੀ ਇਲੈਕਟ੍ਰਾਨਿਕ ਮੀਡੀਆ ਦਿਖਾ ਰਿਹਾ ਹੈ ਅਤੇ ਮੰਗ ਕਰਦਿਆਂ ਕਿਹਾ ਇਸ ਵਾਇਰਸ ਦੇ ਪ੍ਰਕੋਪ ਤੋ ਪੱਤਰਕਾਰ ਭਾਈਚਾਰੇ ਨੂੰ ਬਚਣ ਲਈ ਪੰਜਾਬ ਸਰਕਾਰ ਬੀਮਾ ਦਾ ਐਲਾਨ ਜਲਦ ਕਰੇ।
ਇਸ ਮੌਕੇ ਤੇ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰੇਸ਼ ਸੇਠੀ ਨੇ ਕਿਹਾ ਇਸ ਮੰਗ ਨੂੰ ਸਰਕਾਰ ਵੱਲੋਂ ਜਲਦ ਤੋਂ ਜਲਦ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸਰਕਾਰ ਪੱਤਰਕਾਰਾਂ ਲਈ ਮਾਸਕ ਅਤੇ ਸੈਨਟਾਇਜਰ ਦਾ ਪ੍ਰਬੰਧ ਕਰੇ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਦਿੱਤੇ ਨਿਰੇਦਸ਼ਾ ਦੀ ਪਾਲਣਾ ਕਰਦਿਆਂ ਸੁਸਾਇਟੀ ਦੇ ਥੋੜੇ ਮੈਬਰਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦੇਵਾ ਨੰਦ ਸ਼ਰਮਾ, ਗਗਨਦੀਪ ਸਿੰਘ ਆਦਿ ਹਾਜਰ ਸਨ।