ਹਰਿੰਦਰ ਨਿੱਕਾ
ਬਰਨਾਲਾ, 24 ਅਪਰੈਲ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਚ, ਦਫਾ 144 ਅਧੀਨ ਲਗਾਤਾਰ ਕਰਫਿਊ ਜਾਰੀ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ ’ਤੇ ਘੁੰਮਣ ਫਿਰਨ ਤੋਂ ਪੂਰਣ ਤੌਰ ਤੇ ਮਨਾਹੀ ਕੀਤੀ ਹੋਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਦੌਰਾਨ ਕੁਝ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਨ੍ਹਾਂ ਹੁਕਮਾਂ ਤਹਿਤ ਟਰਾਂਸਪੋਰਟ (ਟਰੱਕਾਂ) ਨਾਲ ਸਬੰਧਤ ਰਿਪੇਅਰ ਦੀਆਂ ਦੁਕਾਨਾਂ ਜੋ ਹਾਈਵੇ ’ਤੇ ਮੌਜੂਦ ਪੈਟਰੋਲ ਪੰਪਾਂ ਦੇ ਨਜ਼ਦੀਕ ਹਨ, ਉਨ੍ਹਾਂ ਦੁਕਾਨਾਂ ਨੂੰ ਖੋਲਿ੍ਹਆ ਜਾ ਸਕਦਾ ਹੈ। ਇਨ੍ਹਾਂ ਦੁਕਾਨਾਂ ’ਤੇ ਕਿਸੇ ਵੀ ਤਰ੍ਹਾਂ ਦਾ ਇਕੱਠ ਨਹੀਂ ਹੋਣਾ ਚਾਹੀਦਾ । ਹਾਈਵੇ ’ਤੇ ਮੌਜੂਦ ਢਾਬਿਆਂ ਨੂੰ ਖੋਲਣ ਦੀ ਮੰਨਜੂਰੀ ਇਸ ਸ਼ਰਤ ’ਤੇ ਦਿੱਤੀ ਜਾਂਦੀ ਹੈ ਕਿ ਉਨ੍ਹ੍ਹਾਂ ਵੱਲੋਂ ਆਮ ਪਬਲਿਕ ਨੂੰ ਸਿਰਫ਼ ਪੈਕ ਕਰਕੇ ਹੀ ਖਾਣਾ ਦਿੱਤਾ ਜਾਵੇਗਾ। ਢਾਬਿਆਂ ਵਿੱਚ ਬੈਠ ਕੇ ਖਾਣਾ ਖਾਣ ’ਤੇ ਪੂਰਨ ਪਾਬੰਦੀ ਹੋਵੇਗੀ ਅਤੇ ਢਾਬਿਆਂ ’ਤੇ ਕਿਸੇ ਤਰ੍ਹਾਂ ਦਾ ਇਕੱਠ ਨਹੀ ਕੀਤਾ ਜਾਵੇਗਾ। ਢਾਬਿਆਂ ਦੇ ਮਾਲਕਾਂ ਵੱਲੋਂ ਕੁਝ ਸਾਵਧਾਨੀਆਂ ਵਰਤੀਆਂ ਜਾਣਗੀਆਂ। ਜਿਵੇਂ ਢਾਬਿਆਂ ਉਪਰ ਹਰ ਸਮੇਂ ਸਾਫ-ਸਫਾਈ ਰੱਖੀ ਜਾਵੇਗੀ। ਆਮ ਪਬਲਿਕ ਨੂੰ ਤਾਜ਼ਾ ਖਾਣਾ ਹੀ ਪੈਕ ਕਰਕੇ ਦਿੱਤਾ ਜਾਵੇਗਾ। ਖੁੱਲ੍ਹਾ ਖਾਣਾ ਬਿਲਕੁੱਲ ਵੀ ਨਹੀ ਵਰਤਿਆ ਜਾਵੇਗਾ।
ਢਾਬਿਆਂ ਉਪਰ ਖਾਣਾ ਬਣਾਉਣ ਵਾਲੇ ਬਰਤਨਾਂ ਨੂੰ ਸਾਫ ਚੱਲਦੇ ਪਾਣੀ ਅਤੇ ਬਰਤਨਵਾਸ਼ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇਗਾ। ਢਾਬਿਆਂ ਉਪਰ ਕੰਮ ਕਰਨ ਵਾਲੇ ਕੁੱਕ ਜਾਂ ਕਾਮਿਆਂ ਲਈ ਦਸਤਾਨੇ ਅਤੇ ਮਾਸਕ ਪਹਿਨਣੇ ਜ਼ਰੂਰੀ ਹੋਣਗੇ। ਢਾਬਿਆਂ ਨੂੰ ਖੋਲਣ ਅਤੇ ਬੰਦ ਕਰਨ ਸਮੇਂ ਚੰਗੀ ਤਰ੍ਹਾਂ ਸਾਫ ਕੀਤਾ ਜਾਵੇਗਾ। ਢਾਬਿਆਂ ਉਪਰ ਕੰਮ ਕਰਨ ਵਾਲੇ ਕੁੱਕ ਜਾਂ ਕਾਮੇ ਸਮੇਂ ਸਮੇਂ ’ਤੇ ਸੈਨੀਟਾਈਜ਼ਰ ਅਤੇ ਸਾਬਣ ਦੀ ਵਰਤੋਂ ਕਰਨਗੇ ਅਤੇ ਸੋਸ਼ਲ ਡਿਸਟੈਂਸ (2 ਮੀਟਰ ਦੀ ਦੂਰੀ) ਬਣਾ ਕੇ ਰੱਖਣਗੇ। ਕਿਸੇ ਵੀ ਕੁੱਕ ਜਾਂ ਲੇਬਰ ਨੂੰ ਜੇਕਰ ਕੋਈ ਬਿਮਾਰੀ ਦੇ ਲੱਛਣ ਜਿਵੇਂ ਕਿ ਖੰਘ, ਜੁਕਾਮ, ਤੇਜ ਬੁਖਾਰ ਆਦਿ ਹੋਵੇ ਤਾਂ ਉਹ ਆਪਣੇ ਨੇੜੇ ਦੇ ਹਸਤਪਾਲ ਵਿਖੇ ਚੈਕਅਪ ਕਰਵਾਉਣਾ ਯਕੀਨੀ ਬਨਾਉਣਗੇ। ਢਾਬਾ ਮਾਲਕ ਉਕਤ ਹਦਾਇਤਾਂ ਦੀ ਪਾਲਣਾ ਕਰਵਾਏਗਾ। ਸਰਕਾਰ ਵੱਲੋਂ ਸਮੇਂ ਸਮੇਂ’ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇਗੀ।
ਇਸ ਤੋਂ ਇਲਾਵਾ ਟਰਾਂਸਪੋਰਟ ਵਾਹਨ (ਟਰੱਕ ਆਦਿ) ਜੋ ਕਿ ਸਮਾਨ ਦੀ ਢੋਆ-ਢੁਆਈ ਕਰ ਰਹੇ ਹਨ, ਉਨ੍ਹਾਂ ਦੇ ਚੱਲਣ ’ਤੇ ਕੋਈ ਰੋਕ ਨਹੀ ਹੋਵੇਗੀ। ਟਰਾਂਸਪੋਰਟ ਵਾਹਨ ਵਿੱਚ ਇਕ ਡਰਾਇਵਰ ਅਤੇ ਸਹਾਇਕ ਤੋਂ ਇਲਾਵਾ ਕੋਈ ਹੋਰ ਵਿਅਕਤੀ ਨਹੀ ਹੋਣਾ ਚਾਹੀਦਾ, ਸਬੰਧਿਤ ਵਾਹਨ ਚਾਲਕ ਪਾਸ ਲੋੜੀਂਦੇ ਦਸਤਾਵੇਜ਼ ਅਤੇ ਡਰਾਈਵਿੰਗ ਲਾਇਸੰਸ ਹੋਣਾ ਲਾਜ਼ਮੀ ਹੋਵੇਗਾ। ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਉਸਾਰੀ ਸਬੰਧੀ ਕੰਮ ਕਰਨ ਦੀ ਛੋਟ ਇਸ ਸ਼ਰਤ ’ਤੇ ਹੋਵੇਗੀ ਕਿ ਕੰਮ ਕਰਨ ਤੋਂ ਪਹਿਲਾ ਨਿਮਨਹਸਤਾਖਰ ਪਾਸੋਂ ਲਿਖਤੀ ਪ੍ਰਵਾਨਗੀ ਪ੍ਰਾਪਤ ਕਰਨਗੇ। ਸਾਰਿਆਂ ਵੱਲੋਂ ਆਮ ਪਬਲਿਕ ਵਿੱਚ ਘੱਟੋ-ਘੱਟ 2 ਮੀਟਰ ਦਾ ਫਾਸਲਾ ਰੱਖਣਾ ਯਕੀਨੀ ਬਣਾਇਆ ਜਾਵੇੇ। ਇਸ ਵਾਸਤੇ ਆਪਣੇ ਆਪਣੇ ਕੰਮਾਂ ਵਾਲੇ ਸਥਾਨਾਂ ਤੇ 2-2 ਮੀਟਰ ਦੇ ਫਾਸਲੇ ਨੂੰ ਦਰਸਾਉਂਦੇ ਹੋਏ ਗੋਲ ਚੱਕਰ ਬਣਾਏ ਜਾਣ ਅਤੇ ਆਉਣ ਵਾਲੇ ਵਿਅਕਤੀਆਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਰਿਕਾਰਡ ਰਜਿਸਟਰ ਲਗਾ ਕੇ ਮੇਨਟੇਨ ਕੀਤਾ ਜਾਵੇਗਾ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।