← ਪਿਛੇ ਪਰਤੋ
- ਲੌਕਡਾਊਨ/ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਣੀਆਂ ਯਕੀਨੀ ਬਣਾ ਰਿਹਾ ਹੈ ਵੇਰਕਾ
ਚੰਡੀਗੜ੍ਹ, 24 ਅਪਰੈਲ 2020 - ਭਾਰਤ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਵੱਲੋਂ ਮਿਲਕਫੈਡ ਦੇ ਬਰਾਂਡ ਵੇਰਕਾ ਨੂੰ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਤੱਕ ਜ਼ਰੂਰੀ ਡੇਅਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਦੇਸ਼ ਦੇ ਸਿਖਰਲੇ ਡੇਅਰੀ ਬਰਾਂਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਵਿਭਾਗ ਵੱਲੋਂ ਵੇਰਕਾ ਸਮੇਤ ਚੁਣੇ ਚਾਰ ਡੇਅਰੀ ਬਰਾਂਡਾਂ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਹ ਇਸ ਔਖੇ ਵੇਲੇ ਲੋਕਾਂ ਨੂੰ ਡੇਅਰੀ ਉਤਪਾਦ ਮੁਹੱਈਆ ਕਰਵਾ ਰਹੇ ਹਨ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੇਰਕਾ ਦੇ ਇਸ ਪ੍ਰਾਪਤੀ ਲਈ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੱਤੀ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਲਗਾਏ ਕਰਫਿਊ/ਲੌਕਡਾਊਨ ਦੌਰਾਨ ਵੇਰਕਾ ਵੱਲੋਂ ਦੁੱਧ ਉਤਪਾਦਾਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਵੇਰਕਾ ਵੱਲੋਂ ਜਿੱਥੇ ਲੋਕਾਂ ਤੱਕ ਡੇਅਰੀ ਉਤਪਾਦ ਪਹੁੰਚਾਏ ਜਾ ਰਹੇ ਹਨ ਉਥੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਵੇਰਕਾ ਦੇ ਹਰ ਮੁਲਾਜ਼ਮ ਉਤੇ ਮਾਣ ਹੈ ਜਿਹੜੇ ਇਸ ਔਖੀ ਘੜੀ ਵਿੱਚ ਆਪਣੀ ਸਖਤ ਮਿਹਨਤ ਨਾਲ ਸੂਬਾ ਵਾਸੀਆਂ ਨੂੰ ਰਾਹਤ ਦੇ ਰਹੇ ਹਨ। ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਸਾਰੇ ਮੁਲਾਜ਼ਮਾਂ ਦਾ ਧੰਨਾਵਾਦ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮਿਲਕਫੈਡ ਵੱਲੋਂ ਆਪਣੀ ਬਣਦੀ ਡਿਊਟੀ ਨਿਭਾਉਣ ਤੋਂ ਇਲਾਵਾ 20.34 ਲੱਖ ਰੁਪਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਵੀ ਪਾ ਕੇ ਤੁਸ਼ ਜਿਹਾ ਯੋਗਦਾਨ ਪਾਇਆ ਗਿਆ।
Total Responses : 266