ਅਸ਼ੋਕ ਵਰਮਾ
ਬਠਿੰਡਾ, 24 ਅਪਰੈਲ 2020 - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਵੱਲੋਂ ਅਨਾਜ ਮੰਡੀਆਂ ’ਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਨਾ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਦੀਆਂ ਤਿੰਨ ਦਰਜਨ ਦੇ ਕਰੀਬ ਮੰਡੀਆਂ ’ਚ ਕਿਸਾਨਾਂ ਨੇ ਮਾਸਕ ਆਦਿ ਬੰਨ ਕੇ ਸੰਕੇਤਕ ਧਰਨੇ ਦਿੱਤੇ। ਰੋਹ ’ਚ ਆਏ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਤੇ ਜਰਨਲ ਸਕੱਤਰ ਬਲਦੇਵ ਜੀਰਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਦੇ ਧਰਨੇ ਲਾਉਣ ਦੇ ਸੱਦੇ ਨੂੰ ਪੰਜਾਬ ਭਰ ਵਿੱਚ ਭਰਵਾ ਹੁੰਗਾਰਾ ਮਿਲਿਆ ਹੈ।
ਆਗੂਆਂ ਦਾ ਕਹਿਣਾ ਸੀ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਕਣਕ ਦੀ ਨਵੀਂ ਫ਼ਸਲ ਦੀ ਖਰੀਦ ਅਤੇ ਚੁਕਾਈ ਤੇ ਸੰਕਟ ਹੈ ਉਨਾਂ ਦੱਸਿਆ ਕਿ ਸਰਕਾਰੀ ਪ੍ਰਬੰਧਾਂ ਦੀ ਸੁਸਤ ਰਫ਼ਤਾਰ ਕਾਰਨ ਮੰਡੀਆਂ ਵਿੱਚ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਉਨਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਇਹ ਹਾਲ ਹੈ ਤਾਂ ਭਵਿੱਖ ’ਚ ਕੀ ਹੋਵੇਗਾ ਅੰਦਾਜਾ ਲਾਉਣਾ ਮੁਸ਼ਕਲ ਨਹੀਂ ਹੈ । ਉਨਾਂ ਆਖਿਆ ਕਿ ਕਿਸਾਨਾਂ ਨੂੰ ਤਾਂ ਨਿੱਤ ਰੰਗ ਵਟਾਉਂਦੇ ਮੌਸਮ ਦਾ ਵੀ ਝੋਰਾ ਵੱਢ ਵੱਢ ਖਾ ਰਿਹਾ ਹੈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦਾ ਕਹਿਣਾ ਸੀ ਕਿ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਮੰਡੀਆਂ ‘ਚੋਂ ਕਿਸਾਨਾਂ ਦੀ ਜਿਣਸ ਖਰੀਦ ਕਰੇ ਉਨਾਂ ਆਖਿਆ ਕਿ ਕਿਸੇ ਸਰਕਾਰੀ ਅਧਿਕਾਰੀ ਜਾਂ ਕਿਸੇ ਹੋਰ ਧਿਰ ਨਾਲ ਕੋਈ ਧੱਕਾ ਕਰਨਾ ਉਨਾਂ ਦਾ ਏਜੰਡਾ ਨਹੀਂ ਹੈ। ਉਨਾਂ ਦੱਸਿਆ ਕਿ ਉਹ ਮੰਡੀਆਂ ‘ਤੇ ਨਿਗਾ ਰੱਖ ਰਹੇ ਹਨ ਅਤੇ ਜਿੱਥੇ ਕਿਤੇ ਕੋਈ ਸਮੱਸਿਆ ਆਈ, ਉਹ ਕਿਸਾਨਾਂ ਦੀ ਮਦਦ ‘ਤੇ ਆੳਣਗੇ।
ਆਗੂਆਂ ਨੇ ਆਖਿਆ ਕਿ 50 ਕੁਇੰਟਲ ਦੀ ਸ਼ਰਤ ਹਟਾ ਕੇ 10 ਏਕੜ ਤੋ ਵੱਧ ਖੇਤੀ ਕਰਨ ਵਾਲੇ ਕਿਸਾਨਾਂ ਦੀ ਕਣਕ ਉਨਾਂ ਦੇ ਘਰਾਂ ਵਿੱਚ ਤੋਲੀ ਅਤੇ 10 ਏਕੜ ਤੋ ਘੱਟ ਵਾਲਿਆਂ ਦੀ ਫਰਸ਼ੀ ਧਰਮ ਕੰਡਿਆ ਤੇ ਸਮੇਤ ਟਰਾਲੀ ਤੋਲ ਕੇ ਲਹਾਈ ਜਾਵੇ,। ਆਗੂਆਂ ਨੇ ਸਿੱਲ ਦੀ ਸ਼ਰਤ 14 ਫੀਸਦੀ ਕਰਨ, ਗੜੇਮਾਰੀ ਨਾਲ ਹੋਏ ਨੁਕਸਾਨ ਦਾ ਤਰੁੰਤ ਮੁਆਵਜਾ ਦੇਣ, ਮੰਡੀਆ ਵਿੱਚ ਤਰਪਾਲਾਂ ਦਾ ਪਰਬੰਧ ਕਰਨ ਤੇ ਮੀਹ ਕਾਰਨ ਖਰਾਬ ਹੋਈ ਕਣਕ ਦੀ ਜਿਮੇਵਾਰੀ ਸਰਕਾਰ ਵੱਲੋਂ ਚੁੱਕਣ, ਤੁਲਾਈ ਵਾਲੇ ਕੰਡੇ ਗੱਟੇ ਦੇ ਵਜਨ ਮੁਤਾਬਕ ਹੀ ਬੰਨਣ, ਤੂੜੀ ਵਾਲੀਆ ਮਸ਼ੀਨਾਂ ਨੂੰ ਚੱਲਣ ਦੀ ਪੂਰੀ ਖੁੱਲ ਦੇਣ ,ਮੰਡੀਆਂ ’ਚ ਕੰਮ ਕਰਦੇ ਪਿੰਡਾਂ ਦੇ ਮਜ਼ਦੂਰਾਂ ਨੂੰ ਸਾਲ ਭਰ ਦੀ ਕਣਕ ਮੁਹੱਈਆ ਕਰਵਾਉਣ ਅਤੇ ਘੱਟੋ ਘੱਟ 500 ਰੁਪਏ ਦਿਹਾੜੀ ਦੇਣ ਦੀ ਮੰਗ ਵੀ ਕੀਤੀ ਗਈ ਹੈ।