ਮਨਿੰਦਰਜੀਤ ਸਿੱਧੂ
- ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਹੀ ਵਿਅਕਤੀਆਂ ਦੇ ਲਏ ਜਾ ਰਹੇ ਹਨ ਸੈਂਪਲ - ਡਾ.ਰਜਿੰਦਰ ਸਿਵਲ ਸਰਜਨ
ਫਰੀਦਕੋਟ, 24 ਅਪ੍ਰੈਲ 2020 - ਸਿਹਤ ਮੰਤਰੀ ਪੰਜਾਬ ਸ.ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲੇ ਅੰਦਰ ਕੋਵਿਡ-19 ਦੇ ਪਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ ਅਧਿਕਾਰੀ-ਕਰਮਚਾਰੀ ਅਤੇ ਅਰ.ਆਰ.ਟੀ ਟੀਮਾਂ ਕੰਮ ਕਰ ਰਹੀਆਂ ਹਨ।ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਨੋਵਲ ਕੋਰੋਨਾ ਵਾਇਰਸ ਦੀ ਚੇਨ ਤੋੜਨ,ਇਸ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਸੂਬੇ ਭਰ'ਚ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਸਰਕਾਰ ਦੇ ਹੁਕਮਾਂ ਮੁਤਾਬਕ ਰੈਪਿਡ ਟੈਸਟ ਕਿੱਟਾਂ ਰਾਂਹੀ ਸੈਂਪਲਿੰਗ ਕਰਨੀ ਬੰਦ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ। ਹੁਣ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਸੈਂਪਲ ਰੀਅਲ ਟਾਈਮ ਪੋਲੀਮੇਰੇਜ਼ ਚੇਨ ਪ੍ਰਤੀਕਿਰਿਆ ਢੰਗ ਨਾਲ ਲਏ ਜਾ ਰਹੇ ਹਨ।ਹੁਣ ਸੈਂਪਲ ਜ਼ਿਲ੍ਹੇ ਵਿਚ ਸਥਾਪਿਤ ਫਲੂ ਕਾਰਨਰ ਅਤੇ ਕਲਸਟਰ ਜਾਨ ਐਲਾਨੇ ਗਏ ਖੇਤਰ ਦੇ ਰਹਾਇਸ਼ੀ ਆਮ ਵਿਅਕਤੀਆਂ ਦੇ ਲਏ ਜਾਣਗੇ ਜਿੰਨਾਂ ਵਿਅਕਤੀਆਂ ਵਿੱਚ ਜ਼ੁਕਾਮ,ਖੰਘ,ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲੱਛਣ ਨਜ਼ਰ ਆਉਂਦੇ ਹਨ ਦਾ ਕੋਰੋਨਾ ਬਿਮਾਰੀ ਪ੍ਰਤੀ ਸ਼ੱਕ ਦੂਰ ਕਰਨ ਲਈ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਨੂੰ ਅੰਦਰ ਖਾਤੇ ਵੱਧਣ ਤੋਂ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਜਾਂ ਡਰਨ ਦੀ ਲੋੜ ਨਹੀ ਹੈ ਇਸ ਆਰ.ਟੀ.ਪੀ.ਸੀ.ਆਰ ਸੈਂਪਲਿੰਗ ਸਬੰਧੀ ਵਿਭਾਗ ਦੇ ਮੈਡੀਕਲ ਅਫਸਰ ਅਤੇ ਲੈਬਾਰਟਰੀ ਟੈਕਨੀਸ਼ਅਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਸ ਸਬੰਧੀ ਮੁਕੰਮਲ ਦਿਸ਼ਾ ਨਿਰਦੇਸ਼ ਵੀ ਭੇਜ ਦਿੱਤੇ ਗਏ ਹਨ। ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਹਲੇ ਦਿਨ 30 ਵਿਅਕਤੀਆਂ ਦੇ ਸੈਂਪਲ ਇਕੱਤਰ ਕੀਤੇ ਗਏ ਸਨ ਜਦ ਕਿ ਦੂਸਰੇ ਦਿਨ ਇਹ ਗਿਣਤੀ ਵੱਧ ਕੇ 61 ਹੋ ਗਈ ਹੈ।ਹੁਣ 91 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ।