ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2020 - ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਕੀਤੇ ਜਾ ਰਹੇ ਦਮਨਕਾਰੀ ਹਮਲਿਆਂ ਵਿਰੁਧ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਆਪੋ-ਆਪਣੇ ਘਰਾਂ ਦੀਆਂ ਛੱਤਾ, ਦਫਤਰਾਂ, ਮਜ਼ਦੂਰ ਕੇਂਦਰਾਂ ਅਤੇ ਹੋਰ ਸੰਭਵ ਅਹਿਮ ਸਥਾਨਾਂ ਉਤੇ ਝੰਡੇ ਝੁਲਾਉਣ, ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੀਟਿੰਗਾਂ ਕਰਨ, ਮੁਹੱਲਿਆਂ ’ਚ ਨਾਅਰੇ ਲਾਉਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।
ਫਰੰਟ ਵਿਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੌਮੀ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਦੇ ਸੂਬਾ ਸਕੱਤਰ ਸਾਥੀ ਅਜਮੇਰ ਸਿੰਘ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤੂਪੁਰਾ, ਐਮਸੀਪੀਆਈ (ਯੂ) ਦੇ ਆਗੂ ਸਾਥੀ ਕਿਰਨਜੀਤ ਸੇਖੋਂ, ਇਨਕਲਾਬੀ ਕੇੱਦਰ ਪੰਜਾਬ ਦੇ ਸਾਥੀ ਨਰਾਇਣ ਦੱਤ, ਲੋਕ ਸੰਗਰਾਮ ਮੰਚ ਪੰਜਾਬ ਦੇ ਆਗੂ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਲਾਲ ਗੋਲੇਵਾਲਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਕਨਵੀਨਰ ਸਾਥੀ ਨਰਿੰਦਰ ਨਿੰਦੀ ਨੇ ਕਿਹਾ ਕਿ ਹਾਲਤਾਂ ਦਾ ਫਾਇਦਾ ਲੈਂਦਿਆਂ ਸਰਕਾਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ ਵਿਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ ਅਤੇ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਸਰਕਾਰ ਦਾ ਵਿਰੋਧ ਕਰਨ ਅਤੇ ਵੱਖਰੀ ਰਾਇ ਰੱਖਣ ਵਾਲਿਆਂ ਸਿਆਸੀ ਕਾਰਕੁਨਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਗਿ੍ਰਫਤਾਰ ਕਰਕੇ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਉਹਨਾਂ ਖਿਲਾਫ ਨਫ਼ਰਤੀ ਪ੍ਰਚਾਰ ਕਰਕੇ ਉਹਨਾਂ ਨੂੰ ਦੇਸ਼-ਧ੍ਰੋਹੀ ਹੋਣ ਦਾ ਅਕਸ ਬਣਾਇਆ ਜਾ ਰਿਹਾ ਹੈ। ਉਨਾਂ: ਦਦਦੋਸ਼ ਲਾਇਆ ਕਿ ਤਾਲਾਬੰਦੀ ਕਾਰਨ ਭੁੱਖੇ ਬੇਰੁਜ਼ਗਾਰ ਲੋਕ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਆਪਣਿਆਂ ਸੂਬਿਆਂ, ਪਿੰਡਾਂ ਵੱਲ ਨੂੰ ਜਾਣ ਲਈ ਤਰਸ ਰਹੇ ਹਨ ਅਤੇ ਕਈਆਂ ਨੂੰ ਇਹਨਾਂ ਮੁਸ਼ਕਲ ਹਾਲਤਾਂ ਵਿਚ ਪੈਦਲ ਹੀ ਚੱਲਣ ਕਾਰਨ ਸੂਬਿਆਂ ਦੀਆਂ ਹੱਦਾਂ ਉਪਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਆਖਿਆ ਕਿ ਅਜਿਹਾ ਕਰਦਿਆਂ 50 ਤੋਂ ਵਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈਆਂ ਨੇ ਨਿਰਾਸ਼ਤਾ ਵਿਚ ਆਤਮ-ਹੱਤਿਆ ਕਰ ਲਈ ਹੈ ਕਿਉਂਕ ਸੰਘਣੀ ਆਬਾਦੀ ’ਚ ਉਹ ਸਰੀਰਕ ਦੂਰੀ ਦੀ ਪਾਲਣਾ ਕਰਨੋਂ ਵੀ ਅਸਮਰੱਥ ਹਨ।
ਆਗੂਆਂ ਨੇ ਮੰਗ ਕੀਤੀ ਕਿ ਕੰਮ ਦੇ ਘੰਟੇ ਵਧਾਉਣ ਦੇ ਨਿਰਦੇਸ਼ ਵਾਪਸ ਲਏ ਜਾਣ, ਕਿਰਤ ਕਾਨੂੰਨਾਂ ਵਿਚ ਮਜ਼ਦੂਰ-ਵਿਰੋਧੀ ਜਾਰੀ ਆਰਡੀਨੈਂਸ ਵਾਪਸ ਲਿਆ ਜਾਵੇ, ਤਾਲਾਬੰਦੀ ਦੌਰਾਨ ਰੋਜ਼ ਕਮਾਉਣ, ਰੋਜ਼ ਖਾਣ ਵਾਲਿਆਂ ਦੇ ਖਾਤਿਆਂ ਵਿਚ ਘਟੋ-ਘੱਟ ਉਜਰਤ ਦੇ ਬਰਾਬਰ ਰਾਸ਼ੀ ਪਾਈ ਜਾਵੇ ਅਤੇ ਬਿਨਾਂ ਖਾਤਾਧਾਰਕਾਂ ਨੂੰ ਨਕਦ ਰਾਸ਼ੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸੀਏਏ, ਐਨਪੀਆਰ ਅਤੇ ਐਨਆਰਸੀ ਦਾ ਵਿਰੋਧ ਕਰਨ ਵਾਲੇ ਸਿਆਸੀ ਕਾਰਕੁਨਾਂ, ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ, ਦਰਜ ਕੀਤੇ ਕੇਸ ਵਾਪਸ ਲਏ ਜਾਣ, ਨਫ਼ਰਤੀ ਫਿਰਕੂ ਪ੍ਰਚਾਰ ਬੰਦ ਕੀਤਾ ਜਾਵੇ, ਘਰੇਲੂ ਪੈਦਾਵਾਰ ਦਾ 10 ਫੀਸਦੀ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤਾ ਜਾਵੇ, ਛਾਂਟੀਆਂ ਬੰਦ ਕੀਤੀਆਂ ਜਾਣ, ਮਹਾਂਮਾਰੀ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ।
ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਪਹਿਲੀ ਮਈ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਲੁੱਟ ਅਧਾਰਿਤ ਸਮਾਜ ਨੂੰ ਬਦਲਣ ਲਈ ਵਿਸ਼ਾਲ ਲਾਮਬੰਦੀ ਅਤੇ ਸੰਘਰਸ਼ ਦਾ ਸੱਦਾ ਦਿਤਾ ਤਾਂ ਜੋ ਬਰਾਬਰੀ, ਜਮਹੂਰੀਅਤ-ਪੱਖੀ ਅਤੇ ਸਹੀ ਅਰਥਾਂ ਵਿਚ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।