- ਲੋੜ ਅਨੁਸਾਰ ਹੀ ਸਟਾਫ ਨੂੰ ਦਫ਼ਤਰ ਬੁਲਾਇਆ ਜਾਵੇ
- ਉਪਭੋਗਤਾਵਾਂ ਨੂੰ ਡਿਜ਼ੀਟਲ ਟ੍ਰਾਂਜੈਕਸ਼ਨ ਲਈ ਉਤਸ਼ਾਤਿਹ ਕੀਤਾ ਜਾਵੇ
- ਬੈਂਕ ਦੇ ਮੁਲਾਜ਼ਮਾਂ ਦੀ ਹਾਜ਼ਰੀ ਦਾ ਰੋਜ਼ਾਨਾ ਰਿਕਾਰਡ ਰੱਖਣ ਦੀ ਸਲਾਹ
- ਬੈਂਕ ਸਟਾਫ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ
ਚੰਡੀਗੜ੍ਹ, 24 ਅਪ੍ਰੈਲ 2020 - ਪੰਜਾਬ ਸਰਕਾਰ ਨੇ ਸਿਹਤ ਵਿਭਾਗ ਜ਼ਰੀਏ ਸੂਬੇ ਦੇ ਸਮੂਹ ਬੈਂਕਾਂ ਅਤੇ ਉੱਥੇ ਕੰਮ ਕਰਦੇ ਸਟਾਫ ਲਈ ਵਿਸਥਾਰ ਵਿਚ ਸਲਾਹਾਂ ਅਤੇ ਸਾਵਧਾਨੀਆਂ ਜਾਰੀ ਕੀਤੀਆਂ ਹਨ। ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਸਹੀ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੰਜਾਬ ਨੇ ਕਾਫੀ ਹੱਦ ਤੱਕ ਇਸ 'ਤੇ ਕਾਬੂ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵਿਚ ਵੱਖ-ਵੱਖ ਵਰਗਾਂ ਦੇ ਲੋਕ ਆਉਂਦੇ ਹਨ ਇਸ ਲਈ ਅਹਿਤਿਆਤ ਵੱਜੋਂ ਬੈਂਕਾਂ ਨੂੰ ਉਹ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜੋ ਮਾਹਿਰਾਂ ਵੱਲੋਂ ਪਹਿਲਾਂ ਤੋਂ ਹੀ ਦੱਸੀਆਂ ਜਾ ਚੁੱਕੀਆਂ ਹਨ।
ਬੁਲਾਰੇ ਅਨੁਸਾਰ ਬਰਾਂਚ ਦੇ ਬਾਹਰ ਉਡੀਕ ਕਰ ਰਹੇ ਲੋਕਾਂ ਵਿਚਕਾਰ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ ਵਿਚਕਾਰ ਵੀ ਇਕ ਮੀਟਰ ਦੀ ਦੂਰੀ ਹੋਵੇ। ਬੈਂਕਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਬੈਂਕ ਸ਼ਾਖਾ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਹਰੇਕ ਉਪਭੋਗਤਾ ਨੇ ਮਾਸਕ ਪਹਿਨਿਆ ਹੋਵੇ। ਬੈਂਕਾਂ ਵੱਲੋਂ ਹਰੇਕ ਵਿਅਕਤੀ ਨੂੰ ਬੈਂਕ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇ। ਬੈਂਕ ਸਟਾਫ ਅਤੇ ਗ੍ਰਾਹਕਾਂ ਵੱਲੋਂ ਕੈਸ਼ ਟ੍ਰਾਂਜ਼ੈਕਸ਼ਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਧੋਣਾ ਯਕੀਨੀ ਬਣਾਇਆ ਜਾਵੇ ਜਾਂ ਸੈਨੀਟਾਈਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਉਪਭੋਗਤਾਵਾਂ ਨੂੰ ਡਿਜ਼ੀਟਲ ਟ੍ਰਾਂਜੈਕਸ਼ਨ ਲਈ ਉਤਸ਼ਾਤਿਹ ਕੀਤਾ ਜਾਵੇ ਤਾਂ ਜੋ ਬਰਾਂਚ ਵਿੱਚ ਇਕੱਠ ਨੂੰ ਘਟਾਇਆ ਜਾ ਸਕੇ। ਇਸ ਮਕਸਦ ਲਈ ਬੈਂਕਾਂ ਦੀਆਂ ਬਰਾਂਚ ਦੇ ਬਾਹਰ ਅਤੇ ਏਟੀਐਮ ਵਾਲੀ ਜਗ੍ਹਾ 'ਤੇ ਪੈਂਫਲੈੱਟ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕ ਵੱਲੋਂ ਜ਼ਰੂਰੀ ਕੰਮਾਂ ਲਈ ਲੋੜ ਅਨੁਸਾਰ ਸੰਬੰਧਿਤ ਸਟਾਫ ਨੂੰ ਹੀ ਦਫ਼ਤਰ ਬੁਲਾਇਆ ਜਾਵੇ। ਜ਼ਰੂਰੀ ਕੰਮ ਲਈ ਦਫ਼ਤਰ ਬੁਲਾਏ ਜਾ ਰਹੇ ਸਟਾਫ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ। ਜਿਸ ਦੇ ਤਹਿਤ ਉਨ੍ਹਾਂ ਦੇ ਬੈਠਣ ਲਈ ਘੱਟੋ-ਘੱਟ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ, ਡਿਊਟੀ 'ਤੇ ਆਉਣ-ਜਾਣ ਲਈ, ਖਾਣੇ ਤੇ ਚਾਹ ਆਦਿ ਲਈ ਸੁਵਿਧਾ ਅਨੁਸਾਰ (ਫਲੈਕਸੀਬਲ) ਸਮਾਂ ਇਸ ਢੰਗ ਨਾਲ ਨਿਰਧਾਰਿਤ ਕੀਤਾ ਜਾਵੇ ਕਿ ਇੱਕ ਸਮੇਂ, ਇੱਕ ਜਗਾਂ 'ਤੇ ਸਟਾਫ ਦੀ ਭੀੜ ਜਾਂ ਇਕੱਠ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦਿੱਤੀ ਗਈ ਸਲਾਹ ਅਨੁਸਾਰ ਬੈਂਕ ਸਟਾਫ ਹੱਥ ਨਾ ਮਿਲਾਵੇ, ਹਰ ਵਕਤ ਮਾਸਕ ਪਹਿਨ ਕੇ ਰੱਖੇ, ਨਿਰਧਾਰਿਤ ਸਥਾਨ 'ਤੇ ਬੈਠ ਕੇ ਕੰਮ ਕਰੇ, ਗੱਲਬਾਤ ਇੰਟਰਕਾਮ ਰਾਹੀਂ ਕਰੇ।
ਇਸ ਦੇ ਨਾਲ ਹੀ ਹਰ ਬੈਂਕ ਦੇ ਐਂਟਰੀ ਗੇਟ 'ਤੇ ਥਰਮਲ ਟੈਂਪਰੇਚਰ ਸਕੈਨਰ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਜਿਥੇ ਲਿਫਟ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹਰ ਮੰਜਿਲ 'ਤੇ ਲਿਫਟ ਦੇ ਦਰਵਾਜੇ ਦੇ ਨਜ਼ਦੀਕ ਸੈਨੀਟਾਈਜ਼ਰ ਲਗਾਇਆ ਜਾਵੇ। ਸਟਾਫ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਲਿਫਟ ਦਾ ਬਟਨ ਦੱਬਣ ਤੋਂ ਬਾਅਦ ਕਿਸੇ ਵੀ ਵਸਤੂ ਜਾਂ ਆਪਣੇ ਸਰੀਰ ਨੂੰ ਛੂਹਣ ਤੋਂ ਪਹਿਲਾਂ ਸੈਨੀਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕੀਤੇ ਜਾਣ। ਬੁਲਾਰੇ ਅਨੁਸਾਰ ਬੈਂਕਾਂ ਦੇ ਅੰਦਰ ਤੇ ਬਾਹਰ ਪੂਰੀ ਸਾਫ-ਸਫਾਈ ਰੱਖਣ ਦੀ ਵੀ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀਆਂ ਵੱਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਅਨੁਸਾਰ ਜੇਕਰ ਕਿਸੇ ਮੁਲਾਜ਼ਮ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਬੈਂਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074/ 08872090029 'ਤੇ ਕਾਲ ਕਰਕੇ ਪੀੜਤ ਮੁਲਾਜ਼ਮ ਦੇ ਬੈਂਕ ਆਉਣ ਦੇ ਦਿਨਾਂ ਬਾਰੇ ਅਤੇ ਉਸਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਵੇ। ਬੈਂਕ ਅਧਿਕਾਰੀਆਂ ਵੱਲੋਂ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਦਾ ਰੋਜ਼ਾਨਾ ਪੂਰਾ ਰਿਕਾਰਡ ਰੱਖਿਆ ਜਾਵੇ। ਇਸ ਦੇ ਨਾਲ ਹੀ ਬੈਂਕ 'ਚ ਆਉਣ ਵਾਲੇ ਲੋਕਾਂ ਬਾਰੇ ਐਂਟਰੀ ਗੇਟ 'ਤੇ ਜਾਣਕਾਰੀ ਰੱਖੀ ਜਾਵੇ। ਗ੍ਰਾਹਕ ਦਾ ਨਾਮ, ਪਤਾ ਅਤੇ ਮੋਬਾਈਲ/ਫੋਨ ਨੰਬਰ ਦਰਜ ਕੀਤਾ ਜਾਵੇ। ਜੇਕਰ ਗ੍ਰਾਹਕ ਦੇ ਨਾਲ ਕੋਈ ਵਿਅਕਤੀ ਬਿਨਾਂ ਕੰਮ ਤੋਂ ਆ ਰਿਹਾ ਹੈ ਤਾਂ ਉਸਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਅਤੇ ਸਿਰਫ ਕਿਸੇ ਅਪੰਗ ਜਾਂ ਜ਼ਰੂਰਤਮੰਦ ਵਿਅਕਤੀ ਦੇ ਨਾਲ ਹੀ ਕਿਸੇ ਹੋਰ ਵਿਅਕਤੀ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ।