ਫਿਰੋਜ਼ਪੁਰ, 24 ਅਪ੍ਰੈਲ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਲਾਕਡਾਊਨ ਕਰਕੇ ਫਿਰੋਜ਼ਪੁਰ ਵਿੱਚ ਫਸੇ ਬਿਹਾਰ ਨਾਲ ਸਬੰਧਿਤ ਵਾਸੀਆਂ ਅਤੇ ਲੋੜਵੰਦ ਮਜ਼ਦੂਰ ਵਿੱਤੀ ਸਹਾਇਤਾ ਲਈ ਵੈਬਾਈਟ www.aapda.bih.nic.in. 'ਤੇ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋੜਵੰਦ ਬਿਹਾਰ ਦੇ ਮੂਲ ਵਾਸੀ ਜੋ ਕਿ ਲਾਕਡਾਊਨ ਕਰਕੇ ਵੱਖ-ਵੱਖ ਰਾਜਾਂ ਵਿੱਚ ਫਸੇ ਹੋਏ ਹਨ ਨੂੰ ਬਿਹਾਰ ਸਰਕਾਰ ਵਲੋਂ ਪ੍ਰਤੀ ਪਰਿਵਾਰ ਇਕ ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਲੋੜਵੰਦ ਬਿਹਾਰ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ ਜੋ ਕਿ ਲਾਕਡਾਊਨ ਕਰਕੇ ਦੂਸਰੇ ਰਾਜਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਵੈਬਸਾਈਟ www.aapda.bih.nic.in 'ਤੇ ਲੋੜੀਂਦਾ ਲਿੰਕ ਮੁਹੱਈਆ ਕਰਵਾਇਆ ਗਿਆ ਹੈ ਜਿਥੇ ਯੋਗ ਲਾਭਪਾਤਰੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਇਹ ਸਕੀਮ ਕੇਵਲ ਬਿਹਾਰ ਵਾਸੀਆਂ ਲਈ ਹੀ ਹੈ ਜੋ ਕੋਰੋਨਾ ਵਾਇਰਸ ਕਰਕੇ ਲਗਾਏ ਗਏ ਲਾਕਡਾਊਨ ਕਰਕੇ ਦੂਸਰੇ ਰਾਜਾਂ ਵਿੱਚ ਫਸੇ ਹੋਏ ਹਨ। ਉਨਾਂ ਕਿਹਾ ਕਿ ਰਜਿਸਟਰੇਸ਼ਨ ਲਈ ਲਾਭਪਾਤਰੀ ਦਾ ਅਧਾਰ ਕਾਰਡ ਅਤੇ ਬਿਹਾਰ ਸਥਿਤ ਬੈਂਕ ਦਾ ਬੈਂਕ ਖਾਤਾ ਨੰਬਰ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਦੀ ਫੋਟੋ ਸੈਲਫ਼ੀ ਅਧਾਰ ਕਾਰਡ ਦੀ ਫੋਟੋ ਨਾਲ ਮੇਲ ਖਾਣੀ ਚਾਹੀਦੀ ਹੈ ਤੇ ਇਹ ਸਾਫ਼ ਸਾਫ਼ ਹੋਵੇ। ਉਨ੍ਹਾਂ ਕਿਹਾ ਕਿ ਇਕ ਅਧਾਰ ਨੰਬਰ 'ਤੇ ਕੇਵਲ ਇਕ ਰਜਿਸਟਰੇਸ਼ਨ ਲਿੰਕ ਹੋਵੇਗਾ, ਓ.ਟੀ.ਪੀ. ਮੋਬਾਇਲ 'ਤੇ ਪ੍ਰਾਪਤ ਕਰਕੇ ਮੋਬਾਇਲ ਐਪ 'ਤੇ ਵਰਤੀ ਜਾਵੇਗੀ ਅਤੇ ਸਹਾਇਤਾ ਲਈ ਕੇਵਲ ਬੈਂਕ ਅਕਾਊਂਟ ਨੂੰ ਭੇਜੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ ਬਿਹਾਰ ਭਵਨ ਨਵੀਂ ਦਿੱਲੀ 11-23792009 ਅਤੇ 23013884 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਟਨਾ ਦੇ ਕੰਟਰੋਲ ਰੂਮ ਦਾ ਨੰਬਰ 0612-2294204 ਅਤੇ 2294205 ਹੈ।