ਰਜਨੀਸ਼ ਸਰੀਨ
ਨਵਾਂਸ਼ਹਿਰ, 25 ਅਪਰੈਲ 2020 - ਵਿਧਾਇਕ ਅੰਗਦ ਸਿੰਘ ਨੇ ਅੱਜ ਨਵਾਂਸ਼ਹਿਰ ਨਗਰ ਕੌਂਸਲ ਦੇ ਉਨ੍ਹਾਂ ਸਫ਼ਾਈ ਸੇਵਕਾਂ ਜੋ ਕੁਆਰਨਟਾਈਨ ਕੀਤੇ ਵਿਅਕਤੀਆਂ ਦੇ ਘਰਾਂ ’ਚੋਂ ਕੂੜਾ ਚੁੱਕਦੇ ਹਨ, ਪੀ ਪੀ ਈ ਕਿੱਟਾਂ ਵੰਡੀਆਂ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮੁਸ਼ਕਿਲ ਭਰੇ ਦੌਰ ’ਚ ਡਾਕਟਰਾਂ ਤੋਂ ਬਾਅਦ ਸਭ ਤੋਂ ਔਖੀ ਡਿਊਟੀ ਸਫ਼ਾਈ ਸੇਵਕਾਂ ਦੀ ਮੰਨੀ ਜਾਂਦੀ ਹੈ ਜੋ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਕੂੜਾ ਉਠਾ ਰਹੇ ਹਨ। ਕੋਵਿਡ ਦਾ ਪ੍ਰਭਾਵ ਹੋਣ ਕਾਰਨ ਇਹ ਸਫ਼ਾਈ ਸੇਵਕ ਕਿਸੇ ਵੀ ਤਰ੍ਹਾਂ ਦੀ ਲਾਗ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਲਈ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ।
ਵਿਧਾਇਕ ਅੰਗਦ ਸਿੰਘ ਅਨੁਸਾਰ ਉਨ੍ਹਾਂ ਦੇ ਮਨ ’ਚ ਸਫ਼ਾਈ ਸੇਵਕਾਂ ਵੱਲੋਂ ਇਸ ਸੰਕਟਕਾਲੀਨ ਸਮੇਂ ’ਚ ਕੀਤੀ ਜਾ ਰਹੀ ਸੇਵਾ ਲਈ ਪੂਰਾ ਸਨਮਾਨ ਹੈ ਅਤੇ ਇਸੇ ਲਈ ਅੱਜ ਉਨ੍ਹਾਂ ਵੱਲੋਂ ਇਹ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਪੀ ਪੀ ਈ ਕਿੱਟਾਂ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਉਹ ਤੁਰੰਤ ਹੋਰ ਵੀ ਮੁਹੱਈਆ ਕਰਵਾ ਦੇਣਗੇ।
ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਈ ਓ ਜਗਜੀਤ ਸਿੰਘ, ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਵਰਿੰਦਰ ਚੋਪੜਾ ਅਤੇ ਹੋਰ ਸਾਬਕਾ ਕੌਂਸਲਰ ਮੌਜੂਦ ਸਨ।