- ਕੋਵਿੰਡ-19 ਦੇ ਖਾਤਮੇ ਲਈ ਮੈਡੀਕਲ ਸਟੋਰ ਨਿਯਮਾਂ ਦੀ ਕਰਨ ਪਾਲਣਾ :ਡਾ. ਭੁੱਲਰ
ਫਿਰੋਜ਼ਪੁਰ, 25 ਅਪ੍ਰੈਲ 2020 : ਦੁਨੀਆਂ ਭਰ ਵਿਚ ਕਹਿਰ ਮਚਾ ਰਹੇ ਕੋਰੋਨਾ ਵਾਈਰਸ ਤੋਂ ਭਾਰਤੀਆਂ ਨੂੰ ਬਚਾਉਣ ਲਈ ਦੇਸ਼ ਭਰ ਵਿਚ ਲੱਗੇ ਲਾਕਡਾਊਨ ਤੋਂ ਇਕ ਕਦਮ ਅੱਗੇ ਵਧਦਿਆਂ ਜਿਥੇ ਸੂਬਾ ਸਰਕਾਰ ਵੱਲੋਂ ਪੰਜਾਬ ਵਿਚ ਕਰਫਿਓ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਤਾਕੀਦ ਕੀਤੀ ਗਈ, ਉਥੇ ਹੁਣ ਕੋਰੋਨਾ ਵਾਈਰਸ ਦੇ ਪੀੜਤਾਂ ਦੀ ਪਛਾਣ ਕਰਨ ਲਈ ਮੈਡੀਕਲ ਦੁਕਾਨਾਂ 'ਤੇ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈੱਲਥ ਸੈਂਟਰ ਫ਼ਿਰੋਜ਼ਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਨੀਤਾ ਭੁੱਲਰ ਨੇ ਸਪੱਸ਼ਟ ਕੀਤਾ ਕਿ ਹੁਣ ਮੈਡੀਕਲ ਸਟੋਰਾਂ ਨੂੰ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਕਾਪੀ ਭੇਜ ਕੇ ਕੋਵਿਡ-19 ਮਹਾਂਮਾਰੀ ਦੌਰਾਨ ਸੰਭਾਵਤ ਮਰੀਜਾਂ 'ਤੇ ਨਜਰ ਰੱਖਣ ਲਈ ਫੂਡ ਐਂਡ ਡਰੱਗਜ ਐਡਮਨਿਸਟ੍ਰੇਸ਼ਨ ਪੰਜਾਬ ਦੇ ਸਮੂਹ ਜੋਨਲ ਲਾਇਸੈਂਸਿੰਗ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਨਾਲ ਮੈਡੀਕਲ ਸਟੋਰ ਵਾਲੇ ਕੋਵਿਡ-19 ਵਿਚ ਵਰਤੀਆਂ ਜਾਣ ਵਾਲੀਆਂ ਤਮਾਮ ਦਵਾਈਆਂ ਸਪਲਾਈ ਕਰਨ ਉਪਰੰਤ ਉਸਦੀ ਰਿਪੋਰਟ ਸਿਹਤ ਵਿਭਾਗ ਨੂੰ ਦੇਣਗੇ।
ਡਾ. ਵਨੀਤਾ ਭੁੱਲਰ ਨੇ ਕਿਹਾ ਕਿ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਕੈਮਿਸਟਾਂ ਵੱਲੋਂ ਸਟੋਰ 'ਤੇ ਜਾਂ ਕਿਸੇ ਵਿਅਕਤੀ ਦੇ ਘਰ ਫਲੂ, ਖੰਘ ਅਤੇ ਜੁਕਾਮ ਦੇ ਇਲਾਜ ਲਈ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ, ਦੀ ਰਿਪੋਰਟ ਦਫ਼ਤਰ ਸਿਵਲ ਸਰਜਨ ਨੂੰ ਭੇਜਣਾ ਲਾਜਮੀ ਕਰਨਗੇ ਅਤੇ ਇਸ ਬਾਰੇ ਇਕ ਰਿਪੋਰਟ ਕਮਿਊਨਿਟੀ ਹੈਲਥ ਸੈਂਟਰ ਫ਼ਿਰੋਜ਼ਸ਼ਾਹ ਵੀ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਫਲੂ, ਖਾਂਸੀ ਅਤੇ ਜੁਕਾਮ ਦੇ ਇਲਾਜ ਲਈ ਕਿਸੇ ਵਿਅਕਤੀ ਨੂੰ ਦਵਾਈਆਂ ਦੀ ਵਿਕਰੀ ਜਾਂ ਸਪਲਾਈ ਸਬੰਧੀ ਜਾਣਕਾਰੀ ਲੋਕਾਂ ਦੇ ਹਿੱਤ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਵਿਚੋਂ ਕਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਅਤੇ ਕਰੋਨਾ ਪੀੜਤਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ।