ਫ਼ਿਰੋਜ਼ਪੁਰ 25 ਅਪ੍ਰੈਲ 2020 : ਪੰਜਾਬ ਸਰਕਾਰ ਕਰਫ਼ਿਊ ਅਤੇ ਲਾਕਡਾਊਨ ਦੇ ਵਿੱਚ ਗਰੀਬ ਤੇ ਜ਼ਰੂਰਤਮੰਦ ਲੋਕਾਂ ਤੱਕ ਜ਼ਰੂਰਤ ਦਾ ਸਾਰਾ ਸਮਾਨ ਪਹੁੰਚਾਉਣ ਦੇ ਲਈ ਪਰੀ ਤਰ੍ਹਾਂ ਵਚਨਬੱਧ ਹੈ। ਇਸ ਲਈ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਤੱਕ ਅਗਲੇ 3 ਮਹੀਨੇ ਦੀ ਕਣਕ ਅਤੇ ਦਾਲ ਪਹੁੰਚਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਹ ਵਿਚਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਅਕਤ ਕੀਤੇ।
ਵਿਸਥਾਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਯੋਜਨਾ ਦੇ ਤਹਿਤ 9 ਹਜ਼ਾਰ ਮੀਟਰਿਕ ਟਨ ਤੋਂ ਜ਼ਿਆਦਾ ਕਣਕ ਪਹੁੰਚ ਚੁੱਕੀ ਹੈ, ਜਿਸ ਦੀ ਵੰਡ ਡੀਪੂਆਂ ਰਾਹੀਂ ਲੋਕਾਂ ਦੇ ਘਰਾਂ ਤੱਕ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਮੈਂਬਰ ਨੂੰ ਤਿੰਨ ਮਹੀਨੇ ਦੇ ਲਈ 3 ਕਿੱਲੋ ਦਾਲ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਦੇ ਦੌਰਾਨ ਲੋਕਾਂ ਨੂੰ ਖਾਣੇ ਨੂੰ ਲੈ ਕੇ ਕੋਈ ਦਿੱਕਤ ਨਾ ਹੋਵੇ, ਇਸ ਲਈ ਇਨ੍ਹਾਂ ਵੱਡਾ ਕਦਮ ਉਠਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਦੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ 22 ਹਜ਼ਾਰ ਸੁੱਕੇ ਰਾਸ਼ਨ ਦੇ ਪੈਕਟ ਵੀ ਵੰਡੇ ਗਏ ਹਨ। ਇਹ ਪੈਕਟ ਸਬੰਧਿਤ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਗਏ ਹਨ। ਵਿਧਾਇਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸੁੱਕੇ ਰਾਸ਼ਨ ਅਤੇ ਤਿਆਰ ਫੂਡ ਦੇ ਹੋਰ ਵੀ ਪੈਕਟ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਪਾਸ ਰਾਸ਼ਨ ਦਾ ਪੈਕਟ ਨਹੀਂ ਪਹੁੰਚਿਆ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ, ਜਿਸ ਨੂੰ ਤੁਰੰਤ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਕੜੀ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਹੀ ਸਾਡਾ ਸਭ ਤੋਂ ਵੱਡਾ ਫ਼ਰਜ਼ ਹੈ।