ਫਿਰੋਜ਼ਪੁਰ, 25 ਅਪ੍ਰੈਲ 2020 : ਕੇਂਦਰੀ ਜੇਲ੍ਹ ਵਿਚ ਫੋਨ ਵਰਗੀ ਵਰਜਿਤ ਵਸਤੂ ਰੱਖ ਕੇ ਤੇ ਜੇਲ੍ਹ ਪ੍ਰਸ਼ਾਸਨ ਨਾਲ ਧੋਖਾਧੜੀ ਕਰਨ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹਰਭਜਨ ਲਾਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਬੀਤੀ 24 ਅਪ੍ਰੈਲ 2020 ਨੂੰ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀ ਹਵਾਲਾਤੀ ਦਵਿੰਦਰ ਕੁਮਾਰ ਉਰਫ ਕਾਲਾ ਪੁੱਤਰ ਮਿਲਖ ਰਾਜ ਵਾਸੀ ਮੁਸੈਨੀ (ਮੁਸੈਲੀ) ਥਾਣਾ ਫਤਿਆਬਾਦ ਹਰਿਆਣਾ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਸਿੰਮ ਕਾਰ ਅਤੇ ਇਕ ਵਾਧੂ ਬੈਟਰੀ ਬਰਾਮਦ ਹੋਈ।
ਜਦ ਇਸ ਮੋਬਾਇਲ ਫੋਨ ਬਾਰੇ ਦੋਸ਼ੀ ਦਵਿੰਦਰ ਕੁਮਾਰ ਕੋਲੋਂ ਪੁੱਛਗਿੱਛ ਕਰ ਰਹੇ ਤਾਂ ਦੋਸ਼ੀ ਹਵਾਲਾਤੀ ਗੋਪਾਲ ਚੰਦ ਪੁੱਤਰ ਚਿਮਨ ਲਾਲ ਵਾਸੀ ਨੇੜੇ ਪੀਰ ਬਾਬਾ ਦਰਗਾਹ ਆਵਾ ਬਸਤੀ ਸਿਟੀ ਫਿਰੋਜ਼ਪੁਰ ਦੋਵੇਂ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਨੂੰ ਪਾਸੇ ਲਿਜਾ ਕੇ ਕਿਹਾ ਕਿ ਤੁਸੀਂ ਇਹ ਮੋਬਾਇਲ ਫੋਨ ਨਾ ਲੈ ਕੇ ਜਾਓ, ਅਸੀਂ ਤੁਹਾਨੂੰ 15 ਹਜ਼ਾਰ ਰੁਪਏ ਮੰਗਵਾ ਕੇ ਦਿਆਂਗੇ ਜਾਂ ਫੋਨ ਵਿਚ ਪਏ ਨੰਬਰਾਂ ਨੂੰ ਡਲੀਟ ਕਰ ਲੈਣ ਦਿਓ ਤਾਂ ਵੀ ਅਸੀਂ ਪੈਸੇ ਮੰਗਵਾ ਕੇ ਦਿਆਂਗੇ। ਹਰਭਜਨ ਲਾਲ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਫੋਨ ਵਰਗੀ ਵਰਜਿਤ ਵਸਤੂ ਰੱਖ ਕੇ ਜੇਲ੍ਹ ਪ੍ਰਸ਼ਾਸਨ ਨਾਲ ਧੋਖਾਧੜੀ ਕਰਨ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਵਾਂ ਦੋਸ਼ੀਆਂ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।