ਅਸ਼ੋਕ ਵਰਮਾ
- ਇੱਕ ਦਰਜਨ ਤੋਂ ਵੱਧ ਪਿੰਡਾਂ ’ਚ ਦਿਨ ਚੜਦਿਆਂ ਰੋਸ ਮੁਜਾਹਰੇ
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ 2020 - ਰਾਸ਼ਨ ਦੀ ਵੰਡ,ਕਣਕ ਦੀ ਖਰੀਦ ,ਕੋਰੋਨਾ ਤੋਂ ਬਚਾਓ, ਹੋਰਨਾ ਰੋਗੀਆਂ ਦਾ ਇਲਾਜ ਕਰਨ ਤੇ ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦੇਣ ਆਦਿ ਮਾਮਲਿਆਂ ‘ਚ ਕੇਂਦਰ ਤੇ ਸੂਬਾਈ ਸਰਕਾਰ ਦੇ ਨਕਾਮ ਰਹਿਣ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਦੇ ਰੋਸ ਵਜੋਂ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 16_ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਭਰ ‘ਚ ਕੀਤੇ ਜਾ ਰਹੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਤਹਿਤ ਅੱਜ ਮੁਕਤਸਰ ਜਿਲੇ ਦੇ ਪਿੰਡਾਂ ਖੁੰਡੇ ਹਲਾਲ, ਭਾਗਸਰ, ਗੰਧੜ ,ਸੰਗੂਧੋਣ , ਭੁੱਟੀ ਵਾਲਾ, ਖੂੰਨਣ ਖੁਰਦ, ਸਿੰਘੇ ਵਾਲਾ, ਗੱਗੜ, ਕਿੱਲਿਆਂ ਵਾਲੀ, ਮਾਲਵਾ ਰੋੜ , ਚੰਨੂ, ਭਲਾਈਆਣਾਂ ਆਦਿ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਰੋਸ ਪ੍ਰਦਰਸ਼ਨ ਕੀਤੇ।
ਇਸ ਸਮੇਂ ਕੋਰੋਨਾ ਮਹਾਂਮਾਰੀ ਤੋਂ ਬਚਾਓ ਨੂੰ ਮੁੱਖ ਰੱਖਦਿਆਂ ਸਰੀਰਿਕ ਦੂਰੀ ਬਣਾ ਕੇ ਕੋਠਿਆਂ ਦੀਆਂ ਛੱਤਾਂ ਤੇ ਚੜ ਕੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਤਰਸੇਮ ਸਿੰਘ ਖੁੰਡੇ ਹਲਾਲ , ਗੁਰਭਗਤ ਸਿੰਘ ਭਲਾਈਆਂਣਾ , ਰਾਜਾ ਸਿੰਘ ਖੂੰਨਣ ਖੁਰਦ, ਗੁਰਪਾਸ਼ ਸਿੰਘ ਸਿੰਘੇ ਵਾਲਾ, ਬਾਜ ਸਿੰਘ ਭੱਟੀ ਵਾਲਾ, ਕਾਲਾ ਸਿੰਘ ਸਿੰਘੇ ਵਾਲਾ, ਕਾਕਾ ਸਿੰਘ ਖੁੰਡੇ ਹਲਾਲ ਕਾਲਾ ਸਿੰਘ ਖੂੰਨਣ ਖੁਰਦ ਆਦਿ ਨੇ ਆਖਿਆ ਕਿ ਲਾਕਡਾਊਨ ਤੇ ਕਰਫਿਊ ਦੇ ਇਕ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰ ਇੰਨਾਂ ਮਾਮਲਿਆਂ ‘ਚ ਬੁਰੀ ਤਰਾਂ ਨਾਕਾਮ ਸਾਬਤ ਹੋਈਆਂ ਹਨ।
ਉਨਾਂ ਆਖਿਆ ਕਿ ਬੇਤਰਤੀਬੇ ਢੰਗ ਨਾਲ ਕੀਤੇ ਲਾਕਡਾਊਨ ਤੇ ਮੜੇ ਕਰਫਿਊ ਕਾਰਨ ਕਿਰਤੀ ਕਮਾਊ ਲੋਕ ਨਾ ਸਿਰਫ਼ ਖਾਧ ਖੁਰਾਕ ਦੀ ਤੋਟ ਹੰਢਾ ਰਹੇ ਹਨ ਸਗੋਂ ਹੋਰਨਾਂ ਬਿਮਾਰੀਆ ਤੋਂ ਪੀੜਤ ਰੋਗੀਆਂ ਦੇ ਇਲਾਜ ਦਾ ਕੋਈ ਬਦਲਵਾਂ ਪ੍ਰਬੰਧ ਨਾ ਕਰਨ ਸਦਕਾ ਅਨੇਕਾਂ ਲੋਕ ਤੜਫ਼ ਰਹੇ ਹਨ। ਉਹਨਾਂ ਆਖਿਆ ਕਿ ਲਾਕਡਾਊਨ ਤਾਂ ਕਰੋਨਾ ਤੋਂ ਬਚਾਓ ਦਾ ਇੱਕ ਮੁੱਢਲਾ ਕਦਮ ਹੈ ਪ੍ਰੰਤੂ ਵਿਆਪਕ ਪੱਧਰ ਤੇ ਟੈਸਟ ਕਰਨ, ਵੈਂਟੀਲੇਟਰਾਂ ਤੇ ਮਾਸਕਾਂ ਆਦਿ ਦਾ ਪ੍ਰਬੰਧ ਕਰਨ, ਘਰਾਂ ‘ਚ ਬੰਦ ਲੋਕਾਂ ਦੀਆਂ ਖਾਧ ਖੁਰਾਕ ਤੇ ਹੋਰਨਾਂ ਲੋੜਾਂ ਦੀ ਪੂਰਤੀ ਕਰਨ ਵਰਗੇ ਵੱਡੇ ਕਦਮ ਚੁੱਕੇ ਤੋਂ ਬਿਨਾਂ ਇਸ ਸੰਕਟ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਉਹਨਾਂ ਆਖਿਆ ਕਿ ਜੇਕਰ ਸਰਕਾਰਾਂ ਨੇ ਮਿਹਨਤਕਸ਼ ਲੋਕਾਂ ਦੀਆਂ ਇਨਾਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਸ਼ਾਲ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਹਰਫੂਲ ਸਿੰਘ ਭਾਗਸਰ,ਅਮਰੀਕ ਸਿੰਘ ਭਾਗਸਰ, ਜਸਵਿੰਦਰ ਸਿੰਘ ਸੰਗੂਧੋਣ, ਤਾਰਾਵੰਤੀ ਕਿੱਲਿਆਂ ਵਾਲੀ, ਸਿਮਰਜੀਤ ਕੌਰ ਖੁੰਡੇ ਹਲਾਲ ਆਦਿ ਆਗੂਆਂ ਨੇ ਕਿਸਾਨਾਂ ਦੇ ਘਰਾਂ ‘ਚੋਂ ਹੀ ਕਣਕ ਦੀ ਖਰੀਦ ਯਕੀਨੀ ਬਣਾ ਕੇ 48 ਘੰਟਿਆਂ ‘ਚ ਅਦਾਇਗੀ ਕਰਨ, ਲੋੜਵੰਦਾਂ ਨੂੰ ਪੂਰਾ ਰਾਸ਼ਨ ਤੇ ਜ਼ਰੂਰੀ ਵਰਤੋਂ ਦੀਆਂ ਵਸਤਾਂ ਮੁਫ਼ਤ ਮੁਹੱਈਆਂ ਕਰਾਵਾਉਣ, ਕਰੋਨਾ ਤੋਂ ਬਚਾਓ ਲਈ ਵੱਡੇ ਪੱਧਰ ਤੇ ਟੈਸਟ ਕੀਤੇ ਜਾਣ, ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦਿੱਤੇ ਜਾਣ, ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ‘ਚ ਲੈ ਕੇ ਸਿਹਤ ਵਿਭਾਗ ਸਮੇਤ ਸਭਨਾਂ ਵਿਭਾਗਾਂ ਦੇ ਠੇਕਾ ਮੁਲਾਜ਼ਮ ਪੱਕੇ ਕੀਤੇ ਜਾਣ ਦੀ ਮੰਗ ਕੀਤੀ।
ਆਗੂਆਂ ਨੇ ਲੋਕ ਵਲੰਟੀਅਰਾਂ ਦੀ ਅਥਾਹ ਸ਼ਕਤੀ ਨੂੰ ਸੇਵਾ ਸੰਭਾਲ ਲਈ ਹਰਕਤ ਵਿੱਚ ਲਿਆਕੇ ਪਾਸ ਜਾਰੀ ਕੀਤੇ ਜਾਣ, ਪੁਲਸ ਸਖਤੀ ਤੇ ਸਰਕਾਰੀ ਬੇਰੁੱਖੀ ਨੂੰ ਨੱਥ , ਮੁਲਾਜ਼ਮਾਂ ਦੀ ਤਨਖਾਹ ਕਟੌਤੀ ਰੱਦ , ਸਨਅਤੀ ਤੇ ਠੇਕਾ ਕਾਮਿਆਂ ਨੂੰ ਲਾਕਡਾਊਨ ਦੇ ਸਮੇਂ ਦੀ ਪੂਰੀ ਤਨਖਾਹ ਦੇਣ ਤੇ ਛਾਂਟੀ ਨਾ ਕਰਨ ,ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ , ਫਿਰਕੂ ਫਾਸ਼ੀ ਹਮਲੇ ਬੰਦ ਕਰਕੇ ਜਮਹੂਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ, ਵੱਡੇ ਉਦਯੋਗਪਤੀਆਂ ਤੇ ਭੂੰਮੀਪਤੀਆਂ ਤੇ ਮੋਟਾ ਟੈਕਸ ਲਾਉਣ ਅਤੇ ਖਜ਼ਾਨੇ ਦਾ ਮੂੰਹ ਲੋਕ ਸਮੱਸਿਆਵਾਂ ਦੇ ਹੱਲ ਲਈ ਖੋਲ ਕੇ ਹਥਿਆਰ ਖਰੀਦਣ ਦੇ ਸੌਦੇ ਰੱਦ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ।