ਅਸ਼ੋਕ ਵਰਮਾ
- ਨੌਜਵਾਨਾਂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ: ਡਿਪਟੀ ਕਮਿਸ਼ਨਰ
ਮੋਗਾ, 25 ਅਪ੍ਰੈਲ 2020 - ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਗ੍ਰਾਮ ਪੰਚਾਇਤ ਨੂੰ ਕੌਮੀ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਪੰਜਾਬ ਦਾ ਇਹ ਇਕਲੌਤਾ ਪਿੰਡ ਹੈ ਜਿਸ ਦੀ ਝੋਲੀ ਇਹ ਪੁਰਸਕਾਰ ਪਿਆ ਹੈ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਇਸ ਐਲਾਨ ਤੋਂ ਬਾਅਦ ਪਿੰਡ ‘ਚ ਵਿਆਹ ਵਰਗਾ ਮਹੌਲ ਹੈ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਪਿੰਡ ਵਾਸੀ ਖੁੱਲ੍ਹੇਆਮ ਖੁਸ਼ੀ ਨਹੀਂ ਮਨਾ ਰਹੇ ਪਰ ਅੰਦਰੋ ਅੰਦਰੀ ਬਾਗੋਬਾਗ ਹਨ ਕਿ ਉਨਾਂ ਦੇ ਪਿੰਡ ਦੀ ਕੌਮੀ ਪਛਾਣ ਬਣੀ ਹੈ। ਕੇਂਦਰ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਨੂੰ ਲੌਕਡਾਊਨ ਕਰਕੇ ਆਪਣੇ ਢੰਗ ਨਾਲ ਕੌਮੀ ਪੱਧਰ ਦਾ ‘ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗਰਾਮ ਸਭਾ’ ਪੁਰਸਕਾਰ ਦਿੱਤਾ ਜਾਏਗਾ । ਪਿੰਡ ਦੀ 3200 ਆਬਾਦੀ ਹੈ ਅਤੇ ਪੰਜ ਸੌ ਦੇ ਕਰੀਬ ਘਰ ਹਨ। ਕੁੱਝ ਵਰੇ ਪਹਿਲਾਂ ਰਣਸੀਂਹ ਕਲਾਂ ਪੰਜਾਬ ਦੇ ਆਮ ਪਿੰਡਾਂ ਦੀ ਤਰਾਂ ਸੀ ਪਰ ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਨੇ ਜੁਆਨੀ ਦੇ ਜਨੂੰਨ ਸਦਕਾ ਪਿੰਡ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ।
ਸਵੱਛ ਭਾਰਤ ਦੇਖਣਾ ਹੋਵੇ ਤਾਂ ਇਸ ਪਿੰਡ ਚੋਂ ਝਲਕਦਾ ਹੈ। ਮੋਗਾ ਜਿਲੇ ਦਾ ਇਹ ਪਿੰਡ ਹੁਣ ਮਹਿਕਾਂ ਛੱਡਣ ਲੱਗਿਆ ਹੈ। ਜਦੋਂ ਦੀ ਪਿੰਡ ’ਚ ਸਫਾਈ ਰਹਿਣ ਲੱਗੀ ਹੈ ਤਾਂ ਲੋਕ ਤਣਾਓ ਮੁਕਤ ਰਹਿਣ ਲੱਗੇ ਹਨ। ਪਿੰਡ ਵਾਸੀ ਮੰਨਦੇ ਹਨ ਕਿ ਨੌਜਵਾਨ ਪੀੜੀ ਚੰਗੇ ਰਾਹ ਪਈ ਹੈ ਅਤੇ ਤੱਤੇ ਸੁਭਾਅ ਵਾਲੇ ਲੋਕ ਵੀ ਮਿੱਠਤ ਨਾਲ ਗੱਲ ਕਰਨ ਲੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲ ਸੰਭਾਲ ਦੇ ਦਿੱਤੇ ਸੱਦੇ ਤੋਂ ਪਹਿਲਾਂ ਹੀ ਇਹ ਪਿੰਡ ਇਸ ਮਾਮਲੇ ’ਚ ਰਾਹ ਦਸੇਰਾ ਬਣ ਗਿਆ ਸੀ। ਪਿੰਡ ਵਾਸੀਆਂ ਦੇ ਦਸਵੰਧ ਚੋਂ ਕੱਢੇ ਪੰਜ ਕਰੋੜ ਰੁਪਏ ਨਾਲ ਪਿੰਡ ’ਚ ਸੀਵਰੇਜ਼ ਪਾਇਆ ਗਿਆ ਹੈ। ਸੀਵਰੇਜ਼ ਦੇ ਪਾਣੀ ਲਈ ਡੇਢ ਏਕੜ ਵਿਚ ਟਰੀਟਮੈਂਟ ਪਲਾਂਟ ਖੜਾ ਕਰ ਦਿੱਤਾ ਜਿੱਥੇ ਸੀਵਰੇਜ ਦਾ ਪਾਣੀ ਕੁਦਰਤੀ ਢੰਗ ਨਾਲ ਸੋਧਿਆ ਜਾਂਦਾ ਹੈ। ਟਰੀਟਮੈਂਟ ਪਲਾਂਟ ’ਤੇ 50 ਲੱਖ ਦੀ ਲਾਗਤ ਆਈ।
ਮਿੰਟੂ ਸਰਪੰਚ ਦੱਸਦਾ ਹੈ ਕਿ ਉਹ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਪਾਣੀ ਮੁਫ਼ਤ ਦਿੰਦੇ ਹਨ। ਮੋਗਾ ਦੇ ਪਿੰਡ ਰਣਸੀਹ ਕਲਾਂ ’ਚ ਜਲ ਸੰਭਾਲ ਲਈ ਲੋਕ ਸੋਚ ਦੀ ਇਹ ਇੱਕ ਨਮੂਨਾ ਹੈ, ਜਿਥੋਂ ਦੇ ਲੋਕ ਪਾਣੀ ਦਾ ਤੁਪਕਾ ਅਜਾਈਂ ਨਹੀਂ ਜਾਣ ਦਿੰਦੇ। ਪਿੰਡ ਦੇ ਨਿਕਾਸੀ ਪਾਣੀ ਅਤੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਲਈ ਪਿੰਡ ਵਿਚ ਝੀਲ ਬਣਾਈ ਹੈ। ਝੀਲ ਨੂੰ ਸੈਰਗਾਹ ਬਣਾ ਕੇ ਵਿਚਕਾਰ ਇੱਕ ਲਾਇਬਰੇਰੀ ਤੇ ਇੱਕ ਕੰਟੀਨ ਬਣਾਈ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਪੂਰਾ ਪਿੰਡ ਸਰਕਾਰੀ ਆਰ.ਓ ਪਲਾਂਟ ਦਾ ਪਾਣੀ ਵਰਤਦਾ ਹੈ।
ਮਿੰਟੂ ਸਰਪੰਚ ਤੇ ਸਾਥੀਆਂ ਨੇ ਪੂਰੇ ਪਿੰਡ ਵਿਚ ਸਵਾ ਦੋ ਕਰੋੜ ਦੀ ਲਾਗਤ ਨਾਲ ਇੰਟਰਾਲਾਕਿੰਗ ਟਾਈਲਾਂ ਲਗਾ ਦਿੱਤੀਆਂ ਹਨ ਪਰ ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ। ਪੰਚਾਇਤ ਨੇ ਪਿੰਡ ਵਿਚ ਔਰਤਾਂ ਲਈ ਜਿੰਮ ਬਣਾਇਆ ਹੈ ਅਤੇ ਪਿੰਡ ਵਿਚ ਸਟਰੀਟ ਲਾਈਟ ਹੈ।ਇਸੇ ਤਰ੍ਹਾਂ ਹੀ ਪਿੰਡ ਦੇ ਗੱਭਰੂਆਂ ਦੀ ਟੋਲੀ ਨੇ ਮਿੰਟੂ ਸਰਪੰਚ ਦੀ ਅਗਵਾਈ ਹੇਠ ਪਿੰਡ ਨੂੰ ਪਲਾਸਟਿਕ ਮੁਕਤ ਅਤੇ ਰੁੜੀ ਮੁਕਤ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੰਚਾਇਤ ਪਲਾਸਟਿਕ ਦੇ ਲਿਫਾਫਿਆਂ ਬਦਲੇ ਲੋਕਾਂ ਨੂੰ ਖੰਡ ਦਿੰਦੀ ਹੈ।
ਰਣਸੀਂਹ ਕਲਾਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਵੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਜਦੋਂ ਪੱਖੇ ਵੀ ਨਹੀਂ ਹੁੰਦੇ ਪਰ ਪੰਚਾਇਤ ਨੇ ਬਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁੜਕਾ ਨਾਂ ਆਏ ਇਸ ਲਈ ਏਸੀ ਲਗਵਾ ਦਿੱਤੇ ਹਨ। ਮਿੰਟੂ ਸਰਪੰਚ ਦੇ ਜਨੂੰਨ ਦੀ ਹੱਦ ਤੱਕ ਸਮਾਜ ਸੇਵਾ ਨਾਲ ਜੁੜਿਆ ਹੋਣ ਕਰਕ ਵਾਤਾਵਰਨ ਨੂੰ ਬਚਾਉਣ ਦੀ ਖਾਤਰ ਵੱਖ ਵੱਖ ਥਾਵਾਂ ਤੇ ਪੌਦੇ ਲਗਵਾਏ ਗਏ ਹਨ।
ਨੌਜਵਾਨਾਂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦਾ ਕਹਿਣਾ ਸੀ ਕਿ ਜੋ ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਕਰ ਦਿਖਾਇਆ ਹੈ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ ਹੈ। ਉਨਾਂ ਦੱਸਿਆ ਕਿ ਵੱਡੀ ਗੱਲ ਪਿੰਡ ਵੱਲੋਂ ਆਪਣੇ ਪੱਧਰ ਤੇ ਪੈਸਾ ਖਰਚਣਾ ਤੇ ਉਸ ਤੋਂ ਵੀ ਅੱਗੇ ਪਿੰਡ ਦੇ ਨੌਜਵਾਨਾਂ ਵੱਲੋਂ ਹੱਥੀਂ ਕੰਮ ਕਰਕੇ ਹਰ ਸਮੱਸਿਆ ਦੂਰ ਕਰਨਾ ਹੈ। ਉਨਾਂ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਂਚੇਵਾਲ ਵੀ ਪਿੰਡ ਦੀ ਸਿਫਤ ਅਤੇ ਮਾਰਗਦਰਸ਼ਨ ਕਰਕੇ ਗਏ ਹਨ। ਉਨਾਂ ਆਖਿਆ ਕਿ ਜਿਸ ਰਾਹ ਤੇ ਰਣਸੀਂਹ ਕਲਾਂ ਤੁਰਿਆ ਹੈ, ਉਸ ਤੇ ਹੋਰ ਵੀ ਤੁਰਨ ਤਾਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਸੌਖਿਆਂ ਹੀ ਕੀਤੀ ਜਾ ਸਕਦੀ ਹੈ।
ਪਰਮਜੀਤ ਭੁੱਲਰ ਨੇ ਰਾਹ ਦਿਖਾਈ
ਮਿੰਟੂ ਸਰਪੰਚ ਨੇ ਇਸ ਮਾਮਲੇ ਦਾ ਸਿਹਰਾ ਬਠਿੰਡਾ ਜਿਲ੍ਹੇ ਦੇ ਨੌਜਵਾਨ ਪਿੰਡ ਵਿਕਾਸ ਅਧਿਕਾਰੀ ਪਰਮਜੀਤ ਸਿੰਘ ਭੁੱਲਰ ਸਿਰ ਬੰਨਿਆਂ ਅਤੇ ਧੰਨਵਾਦ ਵੀ ਕੀਤਾ। ਪੰਚਾਇਤ ਨੂੰ ਇਹ ਵੱਡਮੁੱਲਾ ਸਨਮਾਨ ਮਿਲਣ ਤੇ ਖੁਸ਼ੀ ਜਾਹਰ ਕਰਦਿਆਂ ਉਨਾਂ ਨੇ ਪਿੰਡ ਵਾਸੀਆ ਨੂੰ ਵਧਾਈ ਦਿੱਤੀ ਹੈ। ਉਨਾਂ ਦੱਸਿਆ ਕਿ ਪਿੰਡ ਨੂੰ ਹੋਰ ਵੀ ਵਧੇਰੇ ਸੁੰਦਰ ਬਣਾਉਣ ਲਈ ਰੂਪਰੇਖਾ ਵੀ ਉਲੀਕੀ ਜਾ ਰਹੀ ਹੈ।