ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2020: ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕਿ੍ਰਤ ਟੈਲੀਮੇਡੀਸਨਲ ਸਲਿਊਸ਼ਨ, “ਈ-ਸੰਜੀਵਨੀ- -ਆਨਲਾਈਨ ਓਪੀਡੀ ” (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ ਦੀਆਂ ਸੇਵਾਵਾਂ ਦੇਦ ਲਈ ਇਹ ਉਪਰਾਲਾ ਹੈ। ਉਨਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਡਾ. ਸੰਧੂ ਨੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਟੈਲੀਮੇਡਸੀਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਹੈ। ਇਸ ਨਾਲ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਕੁਝ ਹੱਦ ਤਕ ਹੱਲ ਕਰਨ ਵਿਚ ਸਹਾਈ ਹੋਵੇਗੀ। ਉਨਾਂ ਦੱਸਿਆ ਕਿ ਈ-ਸੰਜੀਵਨੀ ਦਾ ਉਦੇਸ਼ ਸ਼ਹਿਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿਚਕਾਰ ਮੌਜੂਦ ਡਿਜੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਣਾਉਣਾ ਹੈ। ਉਸਨੇ ਅੱਗੇ ਈ-ਸੰਜੀਵਨੀ ਓਪੀਡੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਇਆ ਜਿਸ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ-ਵੀਡੀਓ ਮਸ਼ਵਰਾ, ਈ-ਪ੍ਰਸਕਿ੍ਰਪਸ਼ਨ, ਐਸਐਮਐਸ/ ਈਮੇਲ ਨੋਟੀਫਿਕੇਸ਼ਨ ਅਤੇ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ) ਪੂਰੀ ਤਰਾਂ ਮੁਫਤ ਹਨ।
ਉਨਾਂ ਅੱਗੇ ਦੱਸਿਆ ਕਿ ਐਪਲੀਕੇਸ਼ਨ ਵਿੱਚ ਅਣਚਾਹੇ ਤੱਤਾਂ ਵਿਰੁੱਧ ਸੁਰੱਖਿਆ ਦੀ ਇੱਕ ਉੱਚ ਡਿਗਰੀ ਹੈ।ਜ਼ਿਲਾ ਪੱਧਰ ’ਤੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਜਿਲਾ ਪ੍ਰਸ਼ਾਸਨ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਨੇ ਜ਼ਿਲੇ ਦੇ ਡਾਕਟਰਾਂ ਦੀਆਂ ਟੀਮਾਂ ਦੀ ਸਹਾਇਤਾ ਲਈ ਜ਼ਿਲਾ ਤਕਨੀਕੀ ਕੋਆਰਡੀਨੇਟਰ (ਡੀਟੀਸੀ) ਜਾਂ ਜ਼ਿਲਾ ਈਗਵਰਨੈਂਸ ਕੋਆਰਡੀਨੇਟਰ (ਡੀ.ਈ.ਜੀ.ਸੀ) ਨਿਯੁਕਤ ਕੀਤੇ ਹਨ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਡਾਕਟਰ ਪਿਛਲੇ ਇੱਕ ਦਹਾਕੇ ਤੋਂ ਈ-ਸੰਜੀਵਨੀ (ਡਾਕਟਰ ਤੋਂ ਡਾਕਟਰ) ਪ੍ਰਣਾਲੀ ਦਾ ਇਸਤੇਮਾਲ ਕਰ ਰਹੇ ਹਨ, ਇਸ ਲਈ ਈ-ਸੰਜੀਵਾਨੀ - ਆਨਲਾਈਨ ਓਪੀਡੀ (ਡਾਕਟਰ ਤੋਂ ਮਰੀਜ਼) ਪਲੇਟਫਾਰਮ ਨੂੰ ਅਪਨਾਉਣ ਵਿੱਚ ਉਨਾਂ ਨੂੰ ਬਹੁਤਾ ਸਮਾਂ ਨਹੀਂ ਲਗੇਗਾ।ਉਨਾਂ ਕਿਹਾ ਕਿ ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਕਰਨ ਕਾਰਨ ਨਾਗਰਿਕਾਂ ਵਿੱਚ ਕੁਝ ਹੱਦ ਤਕ ਬੇਚੈਨੀ ਹੈ। ਉਨਾਂ ਨੇ ਅੱਗੇ ਕਿਹਾ ਕਿ ਇਹ ਤਕਨੀਕ ਸਮਾਜ ਦੇ ਸਾਰੇ ਵਰਗਾਂ ਨੂੰ ਕਰਫਿਊ ਅਤੇ ਕੋਵਿਡ -19 ਮਹਾਂਮਾਰੀ ਦਰਮਿਆਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਦੀ ਮੁਹੱਈਆ ਕਰਵਾਉਣ ਵਿਚ ਸਹਾਇਤਾ ਕਰੇਗੀ।
ਉਨਾਂ ਦੱਸਿਆ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ ਜੋ ਐਂਡਰਾਇਡ ਲਈ ਗੂਗਲ ਪਲੇ ਸਟੋਰ ਤੇ ਅਤੇ ਆਈਓਐਸ ਲਈ ਐਪਲ ਐਪਸਟੋਰ ਤੇ ਉਪਲਬਧ ਹੈ। “ਈ-ਸੰਜੀਵਨੀ-ਓਪੀਡ” ਦੇ ਲਾਭ ਲੈਣ ਲਈ ਮਰੀਜ਼ / ਵਿਅਕਤੀ ਕੋਲ ਇੱਕ ਕੰਪਿਊਟਰ, ਲੈਪਟਾਪ ਜਾਂ ਟੈਬਲੇਟ (ਟੈਬ) ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈਬਕੈਮ, ਮਾਈਕ, ਸਪੀਕਰ ਅਤੇ ਇੱਕ 2 ਐਮਬੀਪੀਐਸ ਜਾਂ ਤੇਜ਼ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਮੁਫਤ ਮੈਡੀਕਲ ਸਲਾਹ ਪ੍ਰਦਾਨ ਕਰਨ ਲਈ, ਸ਼ੁਰੂ ਵਿਚ ਰਾਜ ਸਿਹਤ ਵਿਭਾਗ ਦੇ ਡਾਕਟਰਾਂ ਦੀ ਇਕ ਟੀਮ ਸੋਮਵਾਰ ਤੋਂ ਸ਼ਨੀਵਾਰ (ਸਵੇਰੇ 10 ਵਜੇ ਤੋਂ 1 ਵਜੇ ਤੱਕ) ਉਪਲਬਧ ਰਹੇਗੀ ਅਤੇ ਲੋੜ ਪੈਣ ਤੇ ਇਹ ਸਮਰੱਥਾ ਵਧਾਈ ਜਾ ਸਕਦੀ ਹੈ। ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋਵੇਗੀ ਜੋ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।