ਬਹੁਮੰਤਵੀ ਸਹਿਕਾਰੀ ਸਭਾਂ ਮੁੱਤੋਂ ਰਾਹੀਂ ਅੱਜ ਕਰਵਾਈਆਂ ਗਈਆਂ ਜ਼ਰੂਰੀ ਵਸਤਾਂ ਉਪਲਬਧ
ਸਬਜ਼ੀਆਂ ਮਾਰਕੀਟ ਕਮੇਟੀ ਬਲਾਚੌਰ ਰਾਹੀਂ ਹੋਣਗੀਆਂ ਮੁਹੱਈਆ
ਬਲਾਚੌਰ, 26 ਅਪਰੈਲ 2020: ਪ੍ਰਸ਼ਾਸਨ ਵੱਲੋਂ ਬੂਥਗੜ੍ਹ ’ਚ ਜੰਮੂ ਤੋਂ ਵਾਪਿਸ ਆਏ ਇੱਕ ਡਰਾੲਵਿਰ ਦਾ ਕਲ੍ਹ ਕੋਵਿਡ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਇਹਤਿਆਤ ਵਜੋਂ ਬੂਥਗੜ੍ਹ ਤੇ ਨਾਲ ਲਗਦੇ ਤਿੰਨ ਪਿੰਡਾਂ ਮਾਣੇਵਾਲ, ਤੇਜ ਪਲਾਣਾ ਤੇ ਲੋਹਗੜ੍ਹ ਨੂੰ ਸੀਲ ਕਰ ਕੇ ਫ਼ੀਲਡ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜ਼ਰੂਰੀ ਸਮਾਨ ਦੀ ਸਪਲਾਈ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਮੁੱਤੋਂ ਵੱਲੋਂ ਅੱਜ ਤੋਂ ਹੀ ਏ ਆਰ ਮੁਕੇਸ਼ ਚੌਧਰੀ ਦੀਆਂ ਹਦਾਇਤਾਂ ਬਾਅਦ ਜ਼ਰੂਰੀ ਘਰੇਲੂ ਸਮਾਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਿੰਡ ਦੇ ਲੋਕਾਂ ਨੂੰ ਆਪਣੇ ਮੋਬਾਇਲ ਨੰਬਰ ਦੱਸ ਦਿੱਤੇ ਗਏ ਹਨ। ਲੋਕ ਘਰੇਲੂ ਲੋੜ ਦੇ ਸਮਾਨ ਸਬੰਧੀ ਸਭਾ ਦੇ ਸੇਲਜ਼ਮੈਨ ਸੁਖਬੀਰ ਸਿੰਘ ਦੇ ਫ਼ੋਨ ਨੰ. 94637-87566 ’ਤੇ ਸਮਾਨ ਦੀ ਸੂਚੀ ਸਵੇਰੇ 9 ਤੋਂ 12 ਵਜੇ ਤੱਕ ਦੇ ਸਕਦੇ ਹਨ ਜਦਕਿ ਸਪਲਾਈ ਬਾਅਦ ਦੁਪਹਿਰ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਬਜ਼ੀਆਂ ਦੀ ਸਪਲਾਈ ਲਈ ਸਕੱਤਰ ਮਾਰਕੀਟ ਕਮੇਟੀ ਬਲਾਚੌਰ ਦੀ ਡਿਊਟੀ ਲਾਈ ਗਈ ਹੈ।
ਐਸ ਐਮ ਓ ਬਲਾਚੌਰ ਡਾ. ਰਵਿੰਦਰ ਠਾਕੁਰ ਨੇ ਦੱਸਿਆ ਕਿ ਬੂਥਗੜ੍ਹ ਦੇ ਕੋਵਿਡ ਪੀੜਤ ਨਾਲ ਸਬੰਧਤ ਸੰਪਰਕਾਂ ਦੇ ਕਲ੍ਹ ਤੋਂ ਅੱਜ ਤੱਕ 58 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸਥਾਪਿਤ ਫ਼ਲੂ ਕਾਰਨਰ ’ਤੇ ਫ਼ਲੂ ਲੱਛਣਾਂ ਨਾਲ ਰੋਜ਼ਾਨਾ ਆਉਣ ਵਾਲੇ ਵਿਅਕਤੀਆਂ ਦੇ ਕੀਤੇ ਜਾਂਦੇ ਟੈਸਟਾਂ ’ਚ ਅੱਜ ਵੀ 30 ਦੇ ਕਰੀਬ ਟੈਸਟ ਕੀਤੇ ਗਏ ਹਨ, ਜੋ ਕਿ ਇਸ ਵਿਅਕਤੀ ਨਾਲ ਸਬੰਧਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੀਲ ਕੀਤੇ ਪਿੰਡਾਂ ’ਚ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਡੀ ਡੀ ਪੀ ਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਬਲਾਚੌਰ ਦੇ ਪਿੰਡ ’ਚ ਉਕਤ ਕੇਸ ਸਾਹਮਣੇ ਆਉਣ ਤੋਂ ਬਾਅਦ ਬੀ ਡੀ ਪੀ ਓ ਈਸ਼ਵਰ ਸਿੰਘ ਢਿੱਲੋਂ ਰਾਹੀਂ ਇਨ੍ਹਾਂ ਚਾਰਾਂ ਪਿੰਡਾਂ ’ਚ ਰੋਗਾਣੂ ਨਾਸ਼ਕ ਘੋਲ ‘ਸੋਡੀਅਮ ਹਾਈਪ੍ਰੋਕਲੋਰੇਟ’ ਦਾ ਛਿੜਕਾਅ ਕਰਵਾ ਦਿੱਤਾ ਗਿਆ ਹੈ, ਜੋ ਕਿ ਨਿਯਮਿਤ ਤੌਰ ’ਤੇ ਚਲਦਾ ਰਹੇਗਾ। ਕਾਰਜ ਸਾਧਕ ਅਫ਼ਸਰ ਬਲਾਚੌਰ ਘੁਰਬਰਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਨਿਯਮਿਤ ਤੌਰ ’ਤੇ ਸ਼ਹਿਰ ’ਚ
‘ਸੋਡੀਅਮ ਹਾਈਪ੍ਰੋਕਲੋਰੇਟ’ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।
ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਹਲਕੇ ਦੇ ਲੋਕਾਂ ਨੂੰ ਬੂਥਗੜ੍ਹ ਦੇ ਮਾਮਲੇ ਤੋਂ ਬਾਅਦ ਕੋਵਿਡ ਪ੍ਰਤੀ ਪੂਰੀ ਚੌਕਸੀ ਵਰਤਣ ਦੀ ਅਪੀਲ ਕਰਦਿਆਂ ਆਪੋ-ਆਪਣੇ ਪਿੰਡ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਸਖਤੀ ਨਾਲ 14 ਦਿਨ ਘਰ ਬਿਠਾਉਣ ਅਤੇ ਉਨ੍ਹਾਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਜਿਸ ਜਿਸ ਦੇ ਵੀ ਸੰਪਰਕ ’ਚ ਆਇਆ ਹੈ, ਉਹ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਆਪਣੀ ਜਾਂਚ ਜ਼ਰੂਰ ਕਰਵਾਏ ਤਾਂ ਜੋ ਬਲਾਚੌਰ ਨੂੰ ਕੋਵਿਡ ਦਾ ਅਗਲਾ ਕੇਂਦਰ ਬਣਨ ਤੋਂ ਰੋਕਣ ਲਈ ਉਚਿੱਤ ਸਾਵਧਾਨੀਆਂ ਅਪਣਾਈਆਂ ਜਾ ਸਕਣ।