ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 27 ਅਪ੍ਰੈਲ 2020 - ਪੰਜਾਬ ਪੁਲਿਸ ਵੱਲੋਂ ਕੋਵਿਡ-19 ਖਿਲਾਫ ਲੜੀ ਜਾ ਰਹੀ ਲੜਾਈ 'ਚ ਫਰੰਟਲਾਈਨ ਯੋਧਿਆਂ 'ਤੇ ਕਿਸੇ ਵੀ ਹਮਲੇ ਦੇ ਵਿਰੁੱਧ ਇੱਕਜੁਟਤਾ ਦਿਖਾਉਂਦਿਆਂ ਅੱਜ ਐਸ.ਆਈ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਆਪਣੀ ਵਰਦੀ 'ਤੇ ਲਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਦੀ ਸੋਮਵਾਰ ਨੂੰ ਸ਼ੁਰੂਆਤ ਕਰਦਿਆਂ ਪੰਜਾਬ ਡੀ.ਜੀ.ਪੀ ਦਿਨਕਰ ਗੁਪਤਾ ਨੇ ਆਪਣੀ ਵਰਦੀ 'ਤੇ ਹਰਜੀਤ ਦੇ ਨਾਂਅ ਦੀ ਪਲੇਟ ਲਾਈ ਅਤੇ ਸੁਨੇਹਾ ਦਿੱਤਾ ਕਿ ਪੰਜਾਬ ਪੁਲਿਸ ਦੇ ਫਰੰਟਲਾਈਨ ਯੋਧਿਆਂ 'ਤੇ ਕਿਸੇ ਵੀ ਹਮਲੇ ਖਿਲਾਫ ਪੂਰੇ ਪੰਜਾਬ ਦੀ ਪੁਲਿਸ ਇੱਕਜੁਟ ਹੈ, ਕਿਉਂਕਿ ਐਸ.ਆਈ ਹਰਜੀਤ ਸਿੰਘ ਦੁਆਰਾ ਅਜਿਹਾ ਹੀ ਭਿਆਨਕ ਹਮਲੇ ਦਾ ਡਟ ਕੇ ਸਾਹਮਣਾ ਕੀਤਾ ਗਿਆ ਤੇ ਉਹ ਪੂਰੀ ਪੰਜਾਬ ਪੁਲਿਸ ਲਈ ਬਹਾਦਰੀ ਦਾ ਪ੍ਰਤੀਕ ਹੈ ਜਿਸ ਕਾਰਨ ਅੱਜ ਪੂਰੇ ਸੂਬੇ ਦੀ ਪੁਲਿਸ ਹਰਜੀਤ ਦੇ ਨਾਂਅ ਦੀ ਪਲੇਟ ਲਾ ਰਹੀ ਹੈ।
ਵੱਖ ਵੱਖ ਜ਼ਿਲ੍ਹਿਆਂ 'ਚ ਪੰਜਾਬ ਪੁਲਿਸ ਅਫਸਰਾਂ ਸਣੇ ਹਰ ਮੁਲਾਜ਼ਮ ਵੱਲੋਂ ਆਪੋ ਆਪਣੀਆਂ ਵਰਦੀਆਂ 'ਤੇ ਹਰਜੀਤ ਦੇ ਨਾਂਅ ਦੀ ਪਲੇਟ ਲਾਈ ਗਈ ਅਤੇ ਹੱਥਾਂ 'ਚ "ਮੈਂ ਵੀ ਹਰਜੀਤ ਸਿੰਘ", "ਮੈਂ ਵੀ ਪੰਜਾਬ ਪੁਲਿਸ" ਦੇ ਸਟਿੱਕਰ ਫੜੇ ਗਏ।
ਇਥੇ ਹੀ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਹਰਜੀਤ ਸਿੰਘ ਦੇ ਨਾਂਅ ਦੀ ਪਲੇਟ ਲਾਈ ਅਤੇ ਇੱਕ ਵਿਡੀੳ ਸੰਦੇਸ਼ ਰਾਹੀਂ ਪੰਜਾਬ ਪੁਲਿਸ ਦੀ ਹੌਸਲਾ ਅਫਜ਼ਾਈ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦਾ ਐਸ.ਆਈ ਹਰਜੀਤ ਸਿੰਘ ਕਰਫਿਊ ਦੌਰਾਨ ਡਿਊਟੀ ਦੇ ਰਿਹਾ ਸੀ ਜਿੱਥੇ ਲੰਘੀ 12 ਅਪ੍ਰੈਲ ਨੂੰ ਨਿਹੰਗਾਂ ਤੋਂ ਕਰਫਿਊ ਪਾਸ ਮੰਗੇ ਜਾਣ ਤੋਂ ਬਾਅਦ ਨਿਹੰਗਾਂ ਵੱਲੋਂ ਹਰਜੀਤ ਸਿੰਘ 'ਤੇ ਹਮਲਾ ਕਰ ਉਸਦਾ ਹੱਥ ਅਲੱਗ ਕਰ ਦਿੱਤਾ ਗਿਆ ਸੀ। ਬਾਅਦ 'ਚ ਪੀ.ਜੀ.ਆਈ 'ਚ ਹਰਜੀਤ ਸਿੰਘ ਦਾ ਹੱਥ ਲੰਮੇ ਆਪ੍ਰੇਸ਼ਨ ਤੋਂ ਬਾਅਦ ਵਾਪਸ ਜੋੜਿਆ ਗਿਆ ਸੀ।