ਭਿੱਖੀਵਿੰਡ, 27 ਅਪ੍ਰੈਲ 2020 - ਆਪਣੇ ਮਨ ਵਿਚ ਅਨੇਕਾਂ ਸੁਪਨੇ ਬੁਣ ਕੇ ਵਿਦੇਸ਼ੀ ਧਰਤੀ ਆਸਟ੍ਰੇਲੀਆ ਗਏ ਪਿੰਡ ਲਖਣਾ ਦੇ ਨੌਜਵਾਨ ਜਗਰੂਪ ਸਿੰਘ (22) ਪੁੱਤਰ ਗੁਰਪਾਲ ਸਿੰਘ ਦੀ ਭੇਦਭਰੀ ਹਾਲਾਤ ਵਿਚ ਮੌਤ ਹੋ ਜਾਣ ਦੀ ਖਬਰ ਪਹੁੰਚੀ ਤਾਂ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਲਗਭਗ ਦੋ ਸਾਲ ਪਹਿਲਾਂ ਪੜ੍ਹਾਈ ਦੇ ਵੀਜੇ ‘ਤੇ ਆਸਟ੍ਰੇਲੀਆ ਗਏ ਮ੍ਰਿਤਕ ਜਗਰੂਪ ਸਿੰਘ ਦੀ ਮੌਤ ਦਾ ਕਾਰਨ ਭਾਵੇਂ ਸਪੱਸ਼ਟ ਪਤਾ ਨਹੀਂ ਲੱਗ ਰਿਹਾ, ਪਰ ਮ੍ਰਿਤਕ ਦੇ ਮਾਪੇ ਆਪਣੇ ਪੁੱਤਰ ਦੀ ਮੌਤ ‘ਤੇ ਸ਼ੱਕ ਜ਼ਾਹਰ ਕਰ ਰਹੇ ਹਨ।
ਮ੍ਰਿਤਕ ਦੇ ਚਾਚੇ ਸਾਬਕਾ ਫੌਜੀ ਗੁਰਲਾਲ ਸਿੰਘ ਨੇ ਅੱਖਾਂ ਵਿਚ ਹੰਝੂ ਵਹਾਉਦਿਆਂ ਦੱਸਿਆ ਕਿ "ਸਾਡਾ ਬੱਚਾ ਜਗਰੂਪ ਸਿੰਘ ਦੋ ਸਾਲ ਪਹਿਲਾਂ ਜੁਲਾਈ 2018 ਨੂੰ ਆਈਲੈਟਸ ਕਰਕੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਇਸ ਲਈ ਪੜ੍ਹਨ ਗਿਆ ਸੀ ਕਿ ਪੜ੍ਹਾਈ ਤੋਂ ਬਾਅਦ ਕਮਾਈ ਕਰਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕੇ, ਪਰ ਜਗਰੂਪ ਨੂੰ ਕੀ ਪਤਾ ਸੀ ਕਿ ਉਸਦੇ ਸੁਪਨੇ ਦਿਲ ਵਿਚ ਧਰੇ ਧਰਾਹੇ ਰਹਿ ਜਾਣਗੇ।" ਫੌਜੀ ਜਗਰੂਪ ਸਿੰਘ ਨੇ ਦੱਸਿਆ ਕਿ ਮਿਤੀ 24 ਅਪ੍ਰੈਲ ਨੂੰ ਜਗਰੂਪ ਸਿੰਘ ਦੇ ਮਾਲਕ ਨੇ ਉਸਦੇ ਨਾਨਕ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਮਾਮਾ ਗੁਰਦੇਵ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਜਗਰੂਪ ਸਿੰਘ ਬੀਤੇਂ ਕੁਝ ਦਿਨਾਂ ਤੋਂ ਕੰਮ 'ਤੇ ਨਹੀਂ ਆ ਰਿਹਾ, ਜਿਸ 'ਤੇ ਅਸੀਂ ਉਸਦੇ ਨਾਲ ਰਹਿੰਦੇ ਜਿਲ੍ਹਾ ਪਟਿਆਲਾ ਨਾਲ ਸੰਬੰਧਿਤ ਮੁੰਡਿਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਜਗਰੂਪ ਦੀ ਮੌਤ ਹੋ ਜਾਣ ਦਾ ਸਮਾਚਾਰ ਦਿੱਤਾ। ਮ੍ਰਿਤਕ ਦੇ ਪਿਤਾ ਗੁਰਪਾਲ ਸਿੰਘ, ਚਾਚਾ ਗੁਰਲਾਲ ਸਿੰਘ, ਚਾਚਾ ਇਕਬਾਲ ਸਿੰਘ, ਦਾਦਾ ਭੋਲਾ ਸਿੰਘ, ਸਰਪੰਚ ਸੁਖ ਨਿਰੰਜਣ ਸਿੰਘ, ਸਮਾਜਸੇਵੀ ਪ੍ਰਲਾਦ ਸਿੰਘ ਨੇ ਜਗਰੂਪ ਸਿੰਘ ਦੀ ਮੌਤ ‘ਤੇ ਸ਼ੱਕ ਜ਼ਾਹਰ ਕਰਦਿਆਂ ਵਿਦੇਸ਼ ਮੰਤਰਾਲਾ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੁਖਪਾਲ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਜਗਰੂਪ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ ਅਤੇ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆ ਕੇ ਵਾਰਸ਼ਾ ਨੂੰ ਸੌਂਪੀ ਜਾਵੇ।
ਦੱਸਣਯੋਗ ਹੈ ਕਿ ਮ੍ਰਿਤਕ ਜਗਰੂਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਬੀਤੇ ਫਰਵਰੀ ਮਹੀਨੇ ਵਿਚ ਆਪਣੀ ਵੱਡੀ ਭੈਣ ਮਨਜੋਤ ਕੌਰ ਦੇ ਵਿਆਹ ਵਿਚ ਸ਼ਾਮਲ ਨਹੀਂ ਹੋ ਸਕਿਆ ਸੀ।
ਵਿਦੇਸ਼ ਮੰਤਰਾਲਾ ਤੇ ਹਾਈ ਕਮਿਸ਼ਨ ਕੋਲ ਉਠਾਇਆ ਗਿਆ ਹੈ ਮਾਮਲਾ : ਐਮਪੀ ਡਿੰਪਾ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨਾਲ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਜਗਰੂਪ ਸਿੰਘ ਸੰਬੰਧੀ ਰਿਸ਼ਤੇਦਾਰਾਂ ਵੱਲੋਂ ਮੈਨੂੰ ਜਾਣਕਾਰੀ ਦਿੱਤੀ ਗਈ ਤਾਂ ਮੇਰੇ ਵੱਲੋਂ ਵਿਦੇਸ਼ ਮੰਤਰਾਲਾ, ਹਾਈ ਕਮਿਸ਼ਨ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹਵਾਈ ਸੇਵਾਵਾਂ ਤੇ ਸਮੁੰਦਰੀ ਜਹਾਜ ਬੰਦ ਹੋਣ ਕਾਰਨ ਕੁਝ ਸਮਾਂ ਲੱਗ ਸਕਦਾ ਹੈ। ਡਿੰਪਾ ਨੇ ਮ੍ਰਿਤਕ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਮ੍ਰਿਤਕ ਦੇਹ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ : ਵਿਧਾਇਕ ਭੁੱਲਰ
ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਮ੍ਰਿਤਕ ਜਗਰੂਪ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਜਗਰੂਪ ਸਿੰਘ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਮਾਮਲੇ ਨੂੰ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ
ਤਾਂ ਜੋ ਮਾਪਿਆਂ ਨੂੰ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਨਸੀਬ ਹੋ ਸਕਣ।