ਵੀਡੀਓ ਕਾਨਫਰੈਂਸਿੰਗ ਚ ਸਿਹਤ ਮੰਤਰੀ ਸਿੱਧੂ, ਵਿਧਾਇਕ ਮੰਗੂਪੁਰ ਵੀ ਹੋਏ ਸ਼ਾਮਲ; ਮਾਰਕੀਟ ਕਮੇਟੀਆਂ, ਬੋਰਡਾਂ, ਟਰੱਸਟਾਂ ਦੇ ਚੇਅਰਮੈਨਾਂ ਅਤੇ ਯੂਥ ਕਾਂਗਰਸ ਦੇ ਨੁਮਾਇੰਦਿਆਂ ਨੇ ਵੀ ਰੱਖੇ ਵਿਚਾਰ
ਨਵਾਂਸ਼ਹਿਰ, 27 ਅਪ੍ਰੈਲ 2020: ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਚ ਲਾਗੂ ਤਾਲਾਬੰਦੀ ਵਿਚਾਲੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ 3 ਮਈ ਨੂੰ ਇਸ ਚ ਦਿੱਤੀ ਜਾਣ ਵਾਲੀ ਛੋਟ ਤੇ ਵਿਚਾਰ ਕਰਨ ਨੂੰ ਲੈ ਕੇ ਵੀਡੀਓ ਕ੍ਰਾਸ ਕਾਨਫਰੰਸਿੰਗ ਰਾਹੀਂ ਹਲਕੇ ਦੇ ਨੁਮਾਇੰਦਿਆਂ ਨਾਲ ਚਰਚਾ ਕੀਤੀ ਗਈ। ਵੀਡੀਓ ਕਾਨਫਰੰਸ ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ, ਬਲਾਚੌਰ ਤੋਂ ਐੱਮ.ਐੱਲ.ਏ ਦਰਸ਼ਨ ਲਾਲ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਸਮੇਤ ਵੱਖ-ਵੱਖ ਮਾਰਕੀਟ ਕਮੇਟੀਆਂ, ਬੋਰਡਾਂ, ਟਰੱਸਟਾਂ ਦੇ ਚੇਅਰਮੈਨ ਤੇ ਯੂਥ ਕਾਂਗਰਸ ਦੇ ਨੁਮਾਇੰਦੇ ਵੀ ਸ਼ਾਮਿਲ ਰਹੇ।
ਇਸ ਦੌਰਾਨ ਐੱਮ.ਪੀ ਤਿਵਾੜੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਹਲਕੇ ਦੀ ਸਥਿਤੀ ਚ ਸੁਧਾਰ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕੋਰੋਨਾ ਖਿਲਾਫ਼ ਲੜਾਈ ਲੜ ਰਹੀਆਂ ਹਨ ਅਤੇ ਕਈ ਕੋਰੋਨਾ ਵਾਰੀਅਰ ਇਸ ਜੰਗ ਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੁਣੌਤੀ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਤੋਂ ਕਣਕ ਖਰੀਦ ਰਹੀ ਹੈ। ਜਦਕਿ ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਫਸੇ ਹਲਕੇ ਦੇ ਲੋਕਾਂ ਨੂੰ ਵਾਪਸ ਆਪਣੇ ਘਰਾਂ ਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੂਬੇ ਅੰਦਰ ਟੈਸਟਿੰਗ ਚ ਤੇਜ਼ੀ ਲਿਆਈ ਗਈ ਹੈ। ਖਾਸ ਤੌਰ ਤੇ ਜਲੰਧਰ ਤੇ ਪਟਿਆਲਾ ਉਪਰ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ। ਜਿੱਥੇ ਹਾਲ ਹੀ ਚ ਕੋਰੋਨਾ ਮਹਾਂਮਾਰੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਹਾਲਾਤਾਂ ਚ ਸੂਬੇ ਦੇ ਸਿਵਲ ਹਸਪਤਾਲਾਂ ਦਾ ਪ੍ਰਦਰਸ਼ਨ ਨਿਜੀ ਹਸਪਤਾਲਾਂ ਦੇ ਮੁਕਾਬਲੇ ਕਾਫ਼ੀ ਵਧੀਆ ਰਿਹਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਨੂੰ ਕੇਂਦਰ ਤੋਂ 72 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮਿਲੀ ਹੈ, ਜਦੋਂ ਕਿ ਐੱਮ.ਪੀ ਤਿਵਾੜੀ ਦੀ ਅਗਵਾਈ ਵਾਲੇ ਵਫ਼ਦ ਨੇ 150 ਕਰੋੜ ਰੁਪਏ ਮੰਗੇ ਸਨ। ਇਸੇ ਦੌਰਾਨ ਉਹ ਸਮਝਦੇ ਹਨ ਕਿ ਹਾਲਾਤਾਂ ਚ ਹੋਰ ਸੁਧਾਰ ਲਿਆਉਣ ਵਾਸਤੇ ਤਾਲਾਬੰਦੀ ਨੂੰ ਹੋਰ 10 ਦਿਨਾਂ ਤੱਕ ਵਧਾਉਣਾ ਚਾਹੀਦਾ ਹੈ।
ਜਦਕਿ ਐਮ.ਐਲ.ਏ ਮੰਗੂਪੁਰ ਨੇ ਖੁਲਾਸਾ ਕੀਤਾ ਕਿ ਤਾਲਾਬੰਦੀ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਚ ਫਸੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਕਈ ਲੋਕ ਉੱਥੋਂ ਨਿਕਲ ਚੁੱਕੇ ਹਨ। ਹਾਲਾਂਕਿ ਬਹੁਤ ਸਾਰੇ ਹਾਲੇ ਵੀ ਫਸੇ ਹੋਏ ਹਨ। ਜਿਨ੍ਹਾਂ ਜਲਦੀ ਵਾਪਸ ਲਿਆਉਣ ਲਈ ਐੱਮ.ਪੀ ਤਿਵਾੜੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸ਼ਿਸ਼ਾਂ ਚ ਹੋਰ ਤੇਜ਼ੀ ਲਿਆਉਣ ਦੀ ਅਪੀਲ ਕਰਨਗੇ। ਇੱਥੇ ਦੱਸ ਦਈਏ ਕਿ ਐੱਮ.ਪੀ ਤਿਵਾੜੀ ਨੇ ਇਸ ਤੋਂ ਪਹਿਲਾਂ ਹਲਕੇ ਦੇ ਨੁਮਾਇੰਦਿਆਂ ਨਾਲ ਇੱਕ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਸੂਬੇ ਚ ਫਸੇ ਲੋਕਾਂ ਨੂੰ ਵਾਪਿਸ ਆਪਣੇ ਘਰਾਂ ਚ ਲਿਆਉਣ ਦਾ ਭਰੋਸਾ ਦਿੱਤਾ ਸੀ, ਜਿਸ ਵਿਸ਼ੇ ਨੂੰ ਉਨ੍ਹਾਂ ਸੀ.ਐੱਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਸਬੰਧਤ ਸੂਬਿਆਂ ਅਤੇ ਕੇਂਦਰ ਕੋਲ ਚੁੱਕਿਆ ਸੀ।
ਉੱਥੇ ਹੀ, ਵੀਡੀਓ ਕਾਨਫਰੰਸ ਚ ਸ਼ਾਮਿਲ ਹੋਏ ਹੋਰਨਾਂ ਲੋਕਾਂ ਨੇ ਵੀ ਆਪਣੇ ਵਿਚਾਰ ਰੱਖੇ। ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਹੋ ਰਿਹਾ ਹੈ।
ਵੀਡੀਓ ਕਾਨਫਰੰਸ ਚ ਹੋਰਨਾਂ ਤੋਂ ਇਲਾਵਾ, ਯਾਦਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਬੀਰ ਸਿੰਘ ਚੇਅਰਮੈਨ ਯੋਜਨਾ ਬੋਰਡ ਨਵਾਂਸ਼ਹਿਰ, ਵਰਿੰਦਰ ਸ਼ਰਮਾ ਟਿੰਕੂ ਚੇਅਰਮੈਨ ਯੋਜਨਾ ਬੋਰਡ ਮੋਹਾਲੀ, ਸੁਖਵਿੰਦਰ ਸਿੰਘ ਸੈਣੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ, ਕੰਵਰਬੀਰ ਸਿੰਘ ਸਿੱਧੂ ਪ੍ਰਧਾਨ ਮੋਹਾਲੀ ਯੂਥ ਕਾਂਗਰਸ, ਸੁਰਿੰਦਰ ਸਿੰਘ ਪ੍ਰਧਾਨ ਰੋਪੜ ਯੂਥ ਕਾਂਗਰਸ, ਹੀਰਾ ਖੇਪੜ ਪ੍ਰਧਾਨ ਨਵਾਂਸ਼ਹਿਰ ਯੂਥ ਕਾਂਗਰਸ, ਗੁਰਿੰਦਰ ਸਿੰਘ ਬਿੱਲਾ ਮੀਤ ਪ੍ਰਧਾਨ ਬੀਸੀ ਕਮਿਸ਼ਨ ਪੰਜਾਬ, ਸਤਵਿੰਦਰ ਸਿੰਘ ਚੈੜੀਆਂ, ਚਮਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਹਰਜੀਤ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਕਰਨੈਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ, ਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਪੰਕਜ ਕਿਰਪਾਲ ਅਤੇ ਅਮਨ ਸਲੈਚ ਜਨਰਲ ਸਕੱਤਰ ਮੋਹਾਲੀ ਯੂਥ ਕਾਂਗਰਸ ਵੀ ਸ਼ਾਮਿਲ ਰਹੇ।