ਸਕੂਲਾਂ ਦੇ ਅਧਿਆਪਕਾਂ ਵੱਲੋਂ ਆਨ-ਲਾਈਨ ਕਲਾਸਾਂ ਲਗਾਉਣਾ ਸਲਾਘਾਯੋਗ ਉਪਰਾਲਾ :ਕਮਲਜੀਤ ਕੌਰ
ਹਰੀਸ਼ ਕਾਲੜਾ
ਸ਼੍ਰੀ ਆਨੰਦਪੁਰ ਸਾਹਿਬ , 27 ਅਪ੍ਰੈਲ 2020: ਕੋਵਿਡ 19 ਕਰੋਨਾ ਦੇ ਚੱਲਦਿਆਂ ਪੂਰੇ ਭਾਰਤ ਵਿੱਚ ਲੋਕਡਾਊਨ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਹੈ। ਜਿਲਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਆਨ ਲਾਇਨ ਭੇਜੇ ਗਏ ਸਿਲੇਬਸ ਤੇ ਸਿੱਖਣ ਸਮੱਗਰੀ ਨੂੰ ਸਰਕਾਰੀ ਅਧਿਆਪਕਾਂ ਵੱਲੋਂ ਵਟਸ ਐਪ , ਵੀਡਿਓ ਕਾਲ ਕਰਕੇ ਵਿਦਿਆਰਥੀਆਂ ਨੂੰ ਆਨ-ਲਾਈਨ ਕਲਾਸਾਂ ਲਗਾ ਕੇ ਸਿਲੇਬਸ ਕਰਵਾਇਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਵੱਲੋਂ ਨਿਯੁਕਤ ਨੋਡਲ ਅਫਸਰ ਮੈਡਮ ਕਮਲਜੀਤ ਕੌਰ ਵੱਲੋ ਜਿਲੇ ਦੇ ਸਮੂਹ ਸਿੱਖਿਆ ਅਧਿਕਾਰੀਆਂ , ਪ੍ਰਿੰਸੀਪਲਾਂ, ਹੈੱਡਮਾਸਟਰਾਂ , ਸਕੂਲ ਮੁੱਖੀਆਂ , ਬਲਾਕ ਪ੍ਰਇਮਾਰੀ ਸਿੱਖਿਆ ਅਫਸਰਾਂ ,ਡੀ .ਐਮ. ਜਿਲ੍ਹਾ ਰੂਪਨਗਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤੇ ਅਧਿਆਪਕਾਂ ਨਾਲ ਲੜੀਵਾਰ ਵੀਡਿਓ ਕਾਨਫਰੰਸ ਕਰਕੇ ਬੱਚਿਆਂ ਨੂੰ ਇਸ ਮਹਾਮਾਰੀ ਤੋਂ ਬਚਾਅ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਕੂਲ ਮੁੱਖੀਆਂ ਨੂੰ ਆਨਲਾਈਨ ਨਵੇਂ ਦਾਖ਼ਲੇ ਕਰਨ ਲਈ ਅਹਿਮ ਮੀਟਿੰਗ ਕਰਕੇ ਪ੍ਰੇਰਿਤ ਜਾ ਰਿਹਾ ਹੈ ।
ਇਸ ਮੌਕੇ ਸੰਬੋਧਨ ਕਰਦਿਆਂ ਨੋਡਲ ਅਫ਼ਸਰ ਮੈਡਮ ਕਮਲਜੀਤ ਕੌਰ ਨੇ ਵਿਭਾਗੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਰਫਿਊ ਕਾਰਨ ਭਾਵੇਂ ਸਕੂਲ ਬੰਦ ਹਨ ਪਰ ਅਧਿਆਪਕਾਂ ਵੱਲੋਂ ਬੱਚਿਆ ਨੂੰ ਆਨ-ਲਾਈਨ ਪੜ੍ਹਾਇਆ ਜਾ ਰਿਹਾ ਹੈ ਜੋ ਕਿ ਵਿਦਿਆਰਥੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਸਕੂਲਾਂ ਵਿੱਚ ਬੱਚਿਆ ਦਾ ਆਨ-ਲਾਈਨ ਦਾਖਲਾ ਚੱਲ ਰਿਹਾ ਹੈ। ਇਸ ਲਈ ਸਕੂਲਾਂ ਵੱਲੋਂ ਆਪਣਾ ਲਿੰਕ ਤਿਆਰ ਕੀਤਾ ਹੈ ਤਾਂ ਜੋ ਬੱਚੇ ਲਿੰਕ ਦੁਆਰਾ ਘਰ ਬੈਠੇ ਹੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵੀ ਹਾਈਟੈਕ ਹੋ ਗਏ ਹਨ , ਜਿਸ ਦਾ ਸਿਹਰਾ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ , ਉੱਥੇ ਅਧਿਆਪਕਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੇ ਪਾਠ ਦੋਆਬਾ ਰੇਡੀਓ ਉੱਪਰ ਅਤੇ ਇਨ੍ਹਾਂ ਪਾਠਾਂ ਦੀ ਵੀਡੀਓ ਰਿਕਾਰਡਿੰਗ ਕਰਕੇ ਵੱਟਸਐਪ ਦੇ ਸਹਿਯੋਗ ਨਾਲ ਬੱਚਿਆਂ ਤੱਕ ਪੁੱਜਦਾ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਰਨਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਰਨੈਲ ਸਿੰਘ ਨੇ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਲਗਾਉਣ ਦੀ ਪ੍ਰਸੰਸਾ ਕੀਤੀ। ਸਿੱਖਿਆ ਵਿਭਾਗ ਨੇ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਚਲਾਉਣ ਲਈ ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਆਪਣੀ ਪੜ੍ਹਾਈ ਡਿਜ਼ੀਟਲ ਕਰ ਲਈ ਹੈ। ਸੈਸ਼ਨ 2019-20 ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਸ਼ੁਰੂ ਹੋਏ ਲੋਕ ਡਾਊਨ ਕਾਰਨ ਸਿੱਖਿਆ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕਿਆ ਜਿਸ ਕਾਰਨ ਆਨਲਾਈਨ ਰਿਜ਼ਲਟ ਆ ਜਾਣ ਦੇ ਬਾਵਜੂਦ ਵੀ ਬੱਚੇ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਕਰਨ ਤੋਂ ਅਸਮਰੱਥ ਸਨ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਨਹੀਂ ਸਨ ਸਕਦੇ। ਇਸ ਸਮੱਸਿਆ ਦੇ ਹੱਲ ਲਈ ਸਿੱਖਿਆ ਵਿਭਾਗ ਨੇ ਵੱਡੇ ਪੱਧਰ ਤੇ ਉਪਰਾਲੇ ਆਰੰਭ ਕੀਤੇ ਅਤੇ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਡਿਜੀਟਲ ਰੂਪ ਵਿੱਚ ਪ੍ਰਦਾਨ ਕਰਕੇ ਉਨ੍ਹਾਂ ਲਈ ਪੜ੍ਹਾਈ ਜਾਰੀ ਰੱਖਣ ਦਾ ਰਾਹ ਖੋਲ੍ਹ ਦਿੱਤਾ । ਡਿਜੀਟਲ ਰੂਪ ਵਿੱਚ ਪ੍ਰਾਪਤ ਕਿਤਾਬਾਂ ਅਤੇ ਸਿਲੇਬਸ ਨੂੰ ਆਪਣੇ ਅਧਿਆਪਕ ਤੋਂ ਆਨਲਾਈਨ ਸਿੱਖਦੇ ਹੋਏ ਵਿਦਿਆਰਥੀ ਘਰ ਬੈਠ ਕੇ ਨਾ ਸਿਰਫ ਆਪਣੀ ਪੜ੍ਹਾਈ ਕਰ ਰਹੇ ਹਨ ਸਗੋਂ ਇਸ ਆਨਲਾਈਨ ਪੜ੍ਹਾਈ ਦੀ ਨਵੀਂ ਤਕਨੀਕ ਅਪਣਾ ਕੇ ਅਨੰਦਤ ਵੀ ਹੋ ਰਹੇ ਹਨ ।
ਸਿੱਖਿਆ ਵਿਭਾਗ ਵੱਲੋਂ ਆਪਣੇ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 'ਘਰ ਬੈਠੇ ਸਿੱਖਿਆ' ਮਿਸ਼ਨ ਤਹਿਤ ਹੇਠ ਲਿਖੇ ਤਰੀਕਿਆਂ ਰਾਹੀਂ ਕਿਤਾਬਾਂ (ਈ-ਬੁੱਕਸ) ਜਾਂ ਸਿਲੇਬਸ ਪਹੁੰਚਾਇਆ ਗਿਆ ਹੈ ਤਾਂ ਜੋ ਉਹ ਸਰਕਾਰੀ ਆਦੇਸ਼ਾਂ ਅਨੁਸਾਰ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਘਰ ਬੈਠੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ ।ਪੜ੍ਹੋ ਪੰਜਾਬ ਦੀ ਪੁਰੀ ਟੀਮ ਡੀ. ਐਮ. ਅਤੇ ਬੀ. ਐਮ. ਵਲੋ ਬਚਿਆਂ ਨੂੰ ਕਿਤਾਬਾਂ ਪੀ ਡੀ ਐਫ ਰੂਪ ਵਿੱਚ ਭੇਜੀਆ ਗਈਆ ਹਨ।ਇਸਤੋ ਇਲਾਵਾ ਹਰ ਰੋਜ ਘਰ ਦਾ ਕੰਮ ਵੀ ਬਚਿਆਂ ਨੂੰ ਭੇਜਿਆ ਜਾ ਰਿਹਾ ਹੈ । ਹਰੇਕ ਵਿਦਿਆਰਥੀ ਬੋਰਡ ਦੀ ਸਾਈਟ ਤੋਂ ਆਪਣੀ ਜਮਾਤ ਦੀਆਂ ਕਿਤਾਬਾਂ ਡਾਊਨਲੋਡ ਕਰਕੇ ਆਪਣੇ ਮੋਬਾਇਲ ਜਾਂ ਕੰਪਿਊਟਰ ਵਿੱਚ ਸੇਵ ਕਰਕੇ ਰੱਖ ਸਕਦਾ ਹੈ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਦੇ ਹੋਏ ਪੜ੍ਹਾਈ ਕਰ ਸਕਦਾ ਹੈ ।
ਇਸ ਮੌਕੇ ਤੇ ਮੀਟਿੰਗ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ ਸੁਰਿੰਦਰ ਪਾਲ ਸਿੰਘ, ਹਰਭੁਪਿੰਦਰ ਕੌਰ ,ਰੰਜਨਾ ਕਟਿਆਲ ,ਚਰਨਜੀਤ ਸਿੰਘ ਸੋਢੀ ,ਡੀ ਐਮ ਸਰਬਜੀਤ ਸਿੰਘ,ਜਸਵੀਰ ਸਿੰਘ, ਗੁਰਿੰਦਰ ਸਿੰਘ ਕਲਸੀ, ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਰਬਿੰਦਰ ਰਬੀ , ਜ਼ਲ੍ਹਿਾ ਸੋਸਲ ਮੀਡੀਆ ਕੋ. ਬਲਵਿੰਦਰ ਸਿੰਘ ਲੋਦੀਪੁਰ ਅਤੇ ਜਿਲਾ ਪ੍ਰਿੰਟ ਮੀਡੀਆ ਕੋ. ਜਰਨੈਲ ਸਿੰਘ ਨਿਕੂਵਾਲ ਸਮੇਤ ਸਮੂਹ ਬੀਪੀਈਓ, ਸਮੂਹ ਸੈਂਟਰ ਹੈਡ ਅਤੇ ਸਮੂਹ ਸਕੂਲ ਮੁੱਖੀ ਹਾਜ਼ਰ ਸਨ।