ਨਾਭਾ ਦੇ ਪਿੰਡ ਧਾਰੋਂਕੀ ਵਿਖੇ ਹਰਜੀਤ ਸਿੰਘ ਦੇ ਨਾਮ 'ਤੇ ਨਵਾਂ ਖੇਡ ਦਾ ਮੈਦਾਨ ਬਣਾਉਣ ਲਈ 1 ਏਕੜ ਜਮੀਨ ਦੇਵਾਂਗਾ-ਗੁਲਾਬ ਸਿੰਘ
ਪਟਿਆਲਾ, 27 ਅਪ੍ਰੈਲ 2020: ਅੱਜ ਜਦੋਂ ਪੂਰੇ ਪੰਜਾਬ ਦੀ ਸਾਰੀ ਪੁਲਿਸ ਡੀ.ਜੀ.ਪੀ. ਤੋਂ ਲੈਕੇ ਹੇਠਲੇ ਰੈਂਕ ਤੱਕ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪਟਿਆਲਾ ਪੁਲਿਸ ਦੇ ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਿਊਟ ਕਰ ਰਹੀ ਹੈ ਤਾਂ ਇਸ ਸਮੇਂ ਹਰਜੀਤ ਸਿੰਘ ਦੇ ਹੀ ਪਿੰਡ ਦੇ ਵਾਸੀ ਇੱਕ ਹੋਰ ਪੁਲਿਸ ਦੇ ਹੌਲਦਾਰ ਗੁਲਾਬ ਸਿੰਘ ਨੇ ਹਰਜੀਤ ਸਿੰਘ ਦੇ ਨਾਮ 'ਤੇ ਪਿੰਡ ਧਾਰੋਂਕੀ ਵਿੱਚ ਖੇਡ ਦਾ ਮੈਦਾਨ ਬਣਾਉਣ ਲਈ ਇੱਕ ਏਕੜ ਜਮੀਨ ਦੇਣ ਦਾ ਐਲਾਨ ਕੀਤਾ ਹੈ।
ਆਪਣੀ ਜਮੀਨ ਵਿੱਚੋਂ ਨਾਭਾ ਦੇ ਪਿੰਡ ਧਾਰੋਂਕੀ ਵਿਖੇ ਬੱਚਿਆਂ ਲਈ ਖੇਡ ਦਾ ਮੈਦਾਨ ਬਣਾਉਣ ਲਈ ਇੱਕ ਏਕੜ ਜਮੀਨ ਦੇਣ ਵਾਲੇ ਹੌਲਦਾਰ ਸ. ਗੁਲਾਬ ਸਿੰਘ ਦਾ ਕਹਿਣਾਂ ਹੈ ਕਿ ਸਾਡੇ ਪਿੰਡ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਹੈ, ਜਿਸ ਲਈ ਇਹ ਨਵਾਂ ਬਣਨ ਵਾਲਾ ਖੇਡ ਦਾ ਮੈਦਾਨ ਆਪਣੇ ਵਿੱਚੋਂ ਨਵੇਂ ਹਰਜੀਤ ਸਿੰਘ ਪੈਦਾ ਕਰੇਗਾ, ਜਿਸ ਲਈ ਉਸਨੇ ਫੈਸਲਾ ਕੀਤਾ ਹੈ ਕਿ ਪਿੰਡ ਧਾਰੋਂਕੀ ਵਿਖੇ ਖੇਡ ਦਾ ਮੈਦਾਨ ਬਣਾਇਆ ਜਾਵੇ, ਜਿਸ ਲਈ ਉਸਨੇ ਆਪਣੀ ਇੱਕ ਏਕੜ ਜਮੀਨ ਇਸ ਵਾਸਤੇ ਦੇਣ ਦਾ ਮਨ ਬਣਾਇਆ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਦੀ ਸਨੌਰ ਰੋਡ 'ਤੇ ਸਥਿਤ ਅਨਾਜ ਮੰਡੀ ਵਿਖੇ ਕੋਰੋਨਾਵਾਇਰਸ ਨੂੰ ਲੈਕੇ ਲਗਾਏ ਗਏ ਕਰਫਿਊ ਦੌਰਾਨ ਆਪਣੀ ਡਿਊਟੀ ਦੇ ਰਹੇ ਪੁਲਿਸ 'ਤੇ ਕੁਝ ਗ਼ੈਰ ਸਮਾਜੀ ਅਨਸਰਾਂ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ ਐਸ.ਆਈ. ਹਰਜੀਤ ਸਿੰਘ ਦਾ ਗੁਟ ਬਾਂਹ ਨਾਲੋਂ ਵੱਖ ਹੋ ਗਿਆ ਸੀ। ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਬਹਾਦਰੀ ਨੂੰ ਅੱਜ ਪੂਰੀ ਪੰਜਾਬ ਪੁਲਿਸ ਸਮੇਤ ਸਮਾਜ ਦੇ ਹਰ ਵਰਗ ਨੇ ਸਲਿਊਟ ਕੀਤਾ ਹੈ।