- 7 ਵਿਅਕਤੀਆਂ ਤੇ ਲਏ ਗਏ ਸੈਂਪਲਾਂ ਨੂੰ ਭੇਜਿਆ ਗਿਆ ਹੈ ਜਾਂਚ ਲਈ
ਫਿਰੋਜ਼ਪੁਰ, 28 ਅਪ੍ਰੈਲ 2020 - ਕੋਰੋਨਾ ਵਾਇਰਸ ਬੀਮਾਰੀ ਤੋਂ ਬਚਾਅ ਲਈ ਸੂਬੇ ਵਿਚ ਲਾਕਡਾਉਨ ਤੇ ਕਰਫਿਓ ਦੌਰਾਨ ਬਾਹਰਲੇ ਮੁਲਕਾਂ ਤੇ ਸੂਬਿਆਂ ਤੋ ਆਏ ਵਿਅਕਤੀਆਂ ਦੇ ਚੈੱਕਅੱਪ ਤੇ ਸੈਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਇਸੇ ਦੇ ਚਲਦਿਆਂ ਸੂਬਾ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੀਐੱਚਸੀ ਮਮਦੋਟ ਅਧੀਨ ਆਉਦੇ ਸਬ ਸੈਂਟਰ ਲੱਖਾ ਹਾਜ਼ੀ ਦੇ 18 ਪਿੰਡਾਂ ਵਿਚ ਲਾਕਡਾਊਨ ਦੌਰਾਨ 127 ਵਿਅਕਤੀ ਜੋ ਕਿ ਬਾਹਰਲੇ ਦੇਸ਼ਾਂ ਤੇ ਸੂਬਿਆਂ ਤੋ ਪਿੰਡਾਂ ਵਿਚ ਪਰਤੇ ਹਨ ਨੂੰ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾ ਚੈੱਕਅੱਪ ਕੀਤਾ ਗਿਆ ਹੈ।
ਇਨ੍ਹਾਂ ਵਿੱਚੋ 70 ਵਿਅਕਤੀਆਂ ਨੂੰ ਹੁਣ ਤੱਕ ਇਕਾਂਤਵਾਸ ਕੀਤਾ ਜਾ ਚੁੱਕਿਆ ਹੈ। ਸਬੰਧਤ ਵਿਅਕਤੀਆਂ ਵਿੱਚੋ 7 ਵਿਅਕਤੀਆਂ ਤੇ ਲਏ ਗਏ ਸੈਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਐੱਮਪੀਐੱਚਡਬਲਯੂ (ਮੇਲ) ਨੇ ਦੱਸਿਆ ਕਿ ਦੀਨ-ਦੁਨੀਆਂ ਵਿਚ ਮੌਤ ਦਾ ਨੰਗਾ ਨਾਚ ਕਰ ਰਹੇ ਕੋਰੋਨਾ ਵਾਈਰਸ ਵੱਲੋਂ ਭਾਵੇਂ ਲੱਖਾਂ ਲੋਕਾਂ ਨੂੰ ਆਪਣੇ ਖੂਨੀ ਪੰਜਿਆਂ ਵਿਚ ਦਬੋਚ ਲਿਆ ਹੈ, ਪਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਇਸ ਵਾਈਰਸ ਤੋਂ ਬਚਾਉਣ ਲਈ ਜਿਥੇ 37 ਦਿਨਾਂ ਤੋਂ ਦੇਸ਼ ਵਿਚ ਲੌਕਡਾਊਨ ਦੀ ਸਥਿਤੀ ਬਣਾ ਕੇ ਰੱਖੀ ਹੋਈ ਹੈ, ਉਥੇ ਸਿਹਤ ਵਿਭਾਗ ਪੰਜਾਬ ਵੱਲੋਂ ਪੰਜਾਬੀਆਂ ਨੂੰ ਬੇਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਕੋਰੋਨਾ ਵਾਈਰਸ ਦੇ ਲੱਛਣਾਂ ਤੇ ਬਚਾਓ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਜਾ ਰਹੀ ਹੈ।
ਅਮਰਜੀਤ ਐੱਮਪੀਐੱਚਡਬਲਯੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਉੱਚ ਅਧਿਕਾਰੀਆਂ ਦੇ ਤਾਲਮੇਲ ਨਾਲ ਰੋਜ਼ਾਨਾ ਆਪਣੇ ਅਧੀਨ ਆਉਂਦੇ 18 ਪਿੰਡਾਂ ਦੇ ਲੋਕਾਂ ਨਾਲ ਸੋਸ਼ਲ ਡਿਸਟੈਨਸਿੰਗ ਦੀ ਪਾਲਣਾ ਕਰਦਿਆਂ ਜਾਗਰੂਕ ਕੀਤਾ ਜਾ ਰਿਹੈ ਹੈ, ਉੱਥੇ ਹੀ ਮੰਡੀਆਂ ਵਿਚ ਫਸਲ ਲੈ ਕੇ ਆਏ ਕਿਸਾਨਾਂ,ਆੜਤੀਆਂ ਤੇ ਪ੍ਰਵਾਸੀ ਮਜ਼ਦੂਰਾਂ ਤੇ ਮਨਰੇਗਾ ਮਜ਼ਦੂਰਾਂ ਨੂੰ ਸਰਕਾਰ ਦੇ ਦਿਰਦੇਸ਼ਾਂ ਬਾਰੇ ਹਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਅਮਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਸਿਹਤ ਵਿਭਾਗ ਦਾ ਹਿੱਸਾ ਹੋਣ ਕਰਕੇ ਅਜਿਹੇ ਮੌਕੇ ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਹੋਰ ਵੀ ਸੁਹਿਰਦਤਾ ਨਾਲ ਨਿਭਾਅਉਣ ਵਿੱਚ ਮਾਨ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਪਰ ਪਿੰਡ ਵਾਸੀਆਂ ਵੱਲੋਂ ਮਿਲੇ ਸਹਿਯੋਗ ਤੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੇ ਐੱਸਐੱਮਓ ਡਾ. ਰਜਿੰਦਰ ਮਨਚੰਦਾ ਦੀ ਅਗਵਾਈ ਹੇਠ ਇਨ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਕਾਫੀ ਸਹਿਯੋਗ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਨੋਰਥ ਕਰੋਨਾ ਵਾਈਰਸ 'ਤੇ ਜਿੱਤ ਦਰਜ ਕਰਨਾ ਹੈ, ਜਿਸ ਲਈ ਅਸੀਂ ਹਰ ਤਰ੍ਹਾਂ ਦਾ ਯਤਨ ਕਰਨ ਲਈ ਤਿਆਰ ਹਾਂ। ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਪਿੰਡਾਂ ਦੇ ਲੋਕਾਂ ਤੋਂ ਮਿਲ ਰਹੇ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਅਮਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿਚ ਵੀ ਇਸੀ ਤਰ੍ਹਾਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ ਅਤੇ ਉਹ ਅਕਾਲਪੁਰਖ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਕੋਰੋਨਾ ਵਾਈਰਸ ਜਲਦ ਦੁਨੀਆਂ ਤੋਂ ਖਤਮ ਹੋਵੇ ਤਾਂ ਜੋ ਘਰਾਂ ਵਿਚ ਕੈਦ ਲੋਕ ਖੁਦ ਕੇ ਆਪਣੀ ਜ਼ਿੰਦਗੀ ਜੀਅ ਸਕਣ। ਇਸ ਮੌਕੇ ਰਮਨਦੀਪ ਕੌਰ ਸੀਐੱਚਓ, ਜਸਵਿੰਦਰ ਕੌਰ, ਸਰੋਜ ਬਾਲਾ ਏਐੱਨਐੱਮ, ਲਛਮੀ ਬਾਈ ਆਸ਼ਾ ਫੈਸੀਲੀਟੇਟਰ ਤੇ ਮਹਿੰਦਰ ਕੌਰ ਆਸ਼ਾ ਵਰਕਰ ਮੌਜ਼ੂਦ ਸਨ।