ਹਰੀਸ ਕਾਲੜਾ
- ਮੀਟਿੰਗ ਦੌਰਾਨ ਕਣਕ ਦੀ ਖਰੀਦ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼
ਰੂਪਨਗਰ, 28 ਅਪ੍ਰੈਲ 2020 - ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਸ਼੍ਰੀਮਤੀ ਸੀਮਾ ਜੈਨ ਆਈ.ਏ.ਐਸ. ਨੇ ਕਣਕ ਮੰਡੀ ਰੂਪਨਗਰ , ਪੁਰਖਾਲੀ ਸਮੇਤ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜ਼ਾਇਜਾਂ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਗੁਜਰਾਲ ਵੀ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਤੌਰ 'ਤੇ ਬੈਠਕ ਕਰਕੇ ਜ਼ਿਲ੍ਹੇ ਦੀਆਂ ਮੰਡੀਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ।
ਕਣਕ ਮੰਡੀ ਰੂਪਨਗਰ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜ਼ਾਇਜਾਂ ਲੈਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਸੁਵਿਧਾਂ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਕਿਸਾਨਾਂ ਵੱਲੋਂ ਮੰਡੀਆਂ ਦੇ ਵਿੱਚ ਫਸਲ ਲਿਆਂਦੀ ਜਾ ਰਹੀ ਹੈ ਅਤੇ ਨਾਲੋ ਨਾਲ ਕਣਕ ਦੀ ਖਰੀਦ ਅਤੇ ਲਿਫਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜਰ ਮੰਡੀਆਂ ਦੇ ਵਿੱਚ ਸ਼ੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਮੰਡੀਆਂ ਦੇ ਵਿੱਚ ਸ਼ੋਸ਼ਲ ਡਿਸਟੈਂਸ ਨੂੰ ਮੇਨਟੈਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ਦੋਂ ਕਿਸਾਨ ਮੰਡੀਆਂ ਵਿੱਚ ਫਸਲ ਲੈ ਕੇ ਆਉਂਦੇ ਹਨ ਤਾਂ ਡਿਊਟੀ ਤੇ ਤਾਇਨਾਤ ਕਰਮਚਾਰੀ ਬਾਕੀਆਂ ਨੂੰ ਸ਼ੋਸ਼ਲ ਡਿਸਟੈਂਸ ਮੇਨਟੈਨ ਕਰਨ ਲਈ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਵੀ ਇਸ ਦਾ ਧਿਆਨ ਰੱਖਣ ਕਿ ਜੇਕਰ ਮੰਡੀਆਂ ਦੇ ਵਿੱਚ ਕਿਸੇ ਨੂੰ ਕੋਈ ਖਾਸੀ ,ਬੁਖਾਰ ਜਾਂ ਜੁਕਾਮ ਹੈ ਤਾਂ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੰਦੇ ਹੋਏ ਅਹਿਤਿਆਤ ਦੇ ਤੌਰ ਤੇ ਚੈਕਅੱਪ ਕਰਵਾ ਲਿਆ ਜਾਵੇ।
ਇਸ ਦੌਰਾਨ ਉਨ੍ਹਾਂ ਨੇ ਆੜਤੀਆਂ ਅਤੇ ਕਿਸਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਡੀਆਂ ਵਿੱਚ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪ ਸ਼ਿਖਾ , ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ , ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।