ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2020 - ਲੰਘੀ 25 ਅਪ੍ਰੈਲ ਦੇ ਸਾਂਝੇ ਜਨਤਕ ਰੋਸ ਪ੍ਰਦਰਸ਼ਨਾਂ ਦੀ ਸਫ਼ਲਤਾ ਲਈ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਈ ਥਾਂਈਂ ਅਜੇ ਵੀ ਮੰਡੀਆਂ ’ਚ ਰੁਲ ਰਹੇ ਜਾਂ ਘਰੀਂ ਰੱਖੀ ਕਣਕ ਦੀ ਚਿੰਤਾ ਦੇ ਸਤਾਏ ਕਿਸਾਨਾਂ ਦੀ ਕਣਕ ਦੀ ਨਿਰਵਿਘਨ ਤੇ ਮੁਕੰਮਲ ਖਰੀਦ ਲਈ ਸਰਗਰਮ ਜਨਤਕ ਦਖ਼ਲਅੰਦਾਜ਼ੀ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਜ਼ੋਰਦਾਰ ਦਖ਼ਲਅੰਦਾਜ਼ੀ ਦੇ ਬਾਵਜੂਦ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਮੰਡੀ ’ਚ ਹੀ ਜਨਤਕ ਰੋਸ ਪ੍ਰਦਰਸ਼ਨ ਵੀ ਕੀਤੇ ਜਾਣ। ਉੱਚ ਪੱਧਰੀ ਸੂਬਾਈ ਮੀਟਿੰਗ ਦੇ ਇਸ ਫੈਸਲੇ ਦੀ ਜਾਣਕਾਰੀ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ’ਚ ਦੋਸ਼ ਲਾਇਆ ਗਿਆ ਹੈ ਕਿ ਬਹੁਤੇ ਥਾਂਈਂ ਖਰੀਦ ’ਚ ਅੜਿੱਕਾ ਬਣੇ ਬਾਰਦਾਨੇ ਦੀ ਕਮੀ ਤੇ ਲਿਫਟਿੰਗ ਨਾ ਹੋਣ ਦੇ ਠੋਸ ਹੱਲ ਸਮੇਂ ਸਿਰ ਕਰਨ ’ਚ ਕੇਂਦਰੀ ਤੇ ਪੰਜਾਬ ਸਰਕਾਰ ਦੋਨਾਂ ਦੀ ਨਾਕਾਮੀ ਨੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਸਰਕਾਰੀ ਦਾਅਵਿਆਂ ਦੀ ਪੋਲ ਸ਼ਰੇਆਮ ਖੋਲ ਦਿੱਤੀ ਹੈ।
ਉਨਾਂ ਆਖਿਆ ਕਿ ਹੋਰ ਤਾਂ ਹੋਰ ਖਰਾਬ ਮੌਸਮ ਕਾਰਨ ਕਿਤੇ-ਕਿਤੇ ਆਰਜ਼ੀ ਤੌਰ ’ਤੇ ਵਧੀ ਦਾਣਿਆਂ ਦੀ ਨਮੀ ਦੀ ਸਰਾਸਰ ਨਹੱਕੀ ਸਜ਼ਾ ਵੀ ਖਰੀਦ ਠੱਪ ਕਰਕੇ ਕਿਸਾਨਾਂ ਨੂੰ ਹੀ ਦਿੱਤੀ ਜਾ ਰਹੀ ਹੈ। ਜਦੋਂ ਕਿ ਇਸੇ ਮੌਸਮੀ ਖਰਾਬੀ ਕਾਰਨ ਖੇਤੀਬਾੜੀ ਵਿਭਾਗ ਪੰਜਾਬ ਦੇ ਅਦਾਜ਼ਿਆਂ ਮੁਤਾਬਕ 20 ਪ੍ਰਤੀਸ਼ਤ ਤੱਕ ਝਾੜ ਦੀ ਕਮੀ ਦੇ ਰੂਪ ’ਚ ਸਜ਼ਾ ਪਹਿਲਾਂ ਹੀ ਕਿਸਾਨ ਭੁਗਤ ਚੁੱਕੇ ਹਨ। ਕਈ ਥਾਂਈਂ ਕਰਫਿੳੂ ਪਾਸਾਂ ਦੇ ਬਹਾਨੇ ਪੂਰੀ ਕਣਕ ਇੱਕੋ ਵੇਲੇ ਮੰਡੀ ’ਚ ਢੇਰੀ ਕਰਨ ਤੋਂ ਇਨਕਾਰ ਰਾਹੀਂ ਬੇਲੋੜੀ ਖੱਜਲਖੁਆਰੀ ਵੀ ਜਾਰੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਚੇਤਨ ਤੌਰ ’ਤੇ ਮੰਡੀਆਂ ’ਚ ਬੇਲੋੜੀ ਭੀੜ ਤੋਂ ਬਚਾਓ ਲਈ ਕਰੋਨਾ ਮਹਾਂਮਾਰੀ ਵਿਰੁੱਧ ਜੰਗ ’ਚ ਹਿੱਸਾ ਪਾ ਰਹੇ ਮਹੀਨਾ ਡੇਢ ਮਹੀਨਾ ਘਰੀਂ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਮਈ ਮਹੀਨੇ ’ਚ 100 ਰੁ: ਅਤੇ ਉਸਤੋਂ ਮਗਰੋਂ 200 ਰੁਪਏ ਪ੍ਰਤੀ ਕੁਇੰਟਲ ਸੰਭਾਲ ਭੱਤਾ ਦਿੱਤਾ ਜਾਵੇ। ਕਿਉਕਿ ਇਸੇ ਕਾਰਨ ਉਹਨਾਂ ਨੂੰ ਆਪਣੇ ਖੇਤੀ ਕਰਜ਼ਿਆਂ ਉੱਤੇ ਸੂਦਖੋਰਾਂ, ਬੈਂਕਾਂ ਨੂੰ ਇਸ ਦੇਰੀ ਦਾ ਵਿਆਜ਼ ਨਜਾਇਜ਼ ਭਰਨਾ ਪੈਣਾ ਹੈ।
ਉਹਨਾਂ ਦੋਸ਼ ਲਾਇਆ ਕਿ ਇਹ ਸਿਤਮਜਰੀਫੀ ਹੈ ਕਿ ਲਗਾਤਾਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਰਜ਼ਾਗ੍ਰਸਤ ਅੰਨਦਾਤੇ ਕਿਸਾਨਾਂ ਲਈ ਤਾਂ ਇਸ ਨਿਗੂਣੀ ਰਾਹਤ ਵਾਸਤੇ ਵੀ ਕੇਂਦਰ ਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਖਾਲੀ ਹਨ ਪ੍ਰੰਤੂ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਅਖੌਤੀ ਡੁੱਬ ਰਹੇ ਕਾਰੋਬਾਰਾਂ ਨੂੰ ਬਚਾਉਣ ਲਈ 16 ਲੱਖ ਕਰੋੜ ਰੁਪਏ ਦੇ ਪੈਕੇਜ ਦੀਆਂ ਤਜਵੀਜ਼ਾਂ ਬਣ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਜਨਤਕ ਵਿਰੋਧ ਸਮੇਂ ਕਰੋਨਾ ਬਚਾਓ ਸਾਵਧਾਨੀਆਂ ਵਜੋਂ ਮਾਸਕ ਪਹਿਨਣ, ਸਰੀਰਕ ਦੂਰੀ ਤੇ ਸੈਨੇਟਾਈਜਰਾਂ ਦੀ ਵਰਤੋਂ ਆਦਿ ਨੂੰ ਯਕੀਨੀ ਬਣਾਉਣ ਦੀ ਜ਼ੋਰਦਾਰ ਸਲਾਹ ਦਿੱਤੀ ਹੈ।