ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2020 - ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਬਠਿੰਡਾ ਦੀ ਮੀਟਿੰਗ ਸਰਕਲ ਪ੍ਰਧਾਨ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸ ਰਾਹੀਂ ਹੋਈ, ਜਿਸ ਵਿੱਚ ਡਵੀਜ਼ਨ ਬਠਿੰਡਾ ਦੇ ਪ੍ਰਧਾਨ ਰੇਸ਼ਮ ਕੁਮਾਰ, ਮੌੜ ਮੰਡਲ ਦੇ ਪ੍ਰਧਾਨ ਗੁਰਮੇਲ ਸਿੰਘ, ਮੰਡਲ ਰਾਮਪੁਰਾ ਦੇ ਪ੍ਰਧਾਨ ਗੁਰਕੀਰਤ ਸਿੰਘ, ਮੰਡਲ ਬੁਢਲਾਡਾ ਦੇ ਪ੍ਰਧਾਨ ਜਸਪਾਲ ਸਿੰਘ, ਸਰਕਲ ਮੀਤ ਪ੍ਰਧਾਨ ਰੰਗ ਸਿੰਘ ਗੋਨਿਆਣਾ, ਸਰਕਲ ਸਹਾਇਕ ਸਕੱਤਰ ਸੁਖਵਿੰਦਰ ਸਿੰਘ ,ਸਕੱਤਰ ਜਗਜੀਤ ਸਿੰਘ ਮਹਿਤਾ ਸ਼ਾਮਲ ਹੋਏ।
ਆਗੂਆਂ ਨੇ ਦੱਸਿਆ ਕਿ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਬ ਡਵੀਜ਼ਨ ਪੱਧਰ ਤੇ ਝੰਡੇ ਝੁਲਾਏ ਜਾਣਗੇ, ਅਤੇ ਸਰੀਰਕ ਦੂਰੀ ਬਣਾਕੇ ਰੱਖਣ,ਮਾਸਕ ਪਹਿਨਣ ਦੇ ਨਿਯਮਾਂ ਦਾ ਪਾਲਨ ਕੀਤਾ ਜਾਵੇਗਾ, ਤਾਂ ਕਿ ਕਰੌਨਾਂ ਮਹਾਂਮਾਰੀ ਤੋਂ ਬਚਾਅ ਰੱਖਿਆ ਜਾਵੇ। ਉਨਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰੰੰਜਾਬ ਸਰਕਾਰ ਆਪਣੇ ਰਾਜਨੀਤਿਕ ਮੱਤਭੇਦ ਛੱਡਕੇ ਕਰੋਨਾ ਮਹਾਂਮਾਰੀ ਦੇ ਬਹਾਨੇ ਹੇਠ ਲੋਕ ਵਿਰੋਧੀ ਫੈਸਲੇ ਲਾਗੂ ਕਰਨ ਲਈ ਇੱਕ ਮੱਤ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 58 ਸਾਲ ਤੱਕ ਨੌਕਰੀ ਦੀ ਗਰੰਟੀ, ਪੈਨਸ਼ਨ ਲੋਕ ਪੱਖੀ ਕਿਰਤ ਕਾਨੂੰਨ ਬਣਵਾਏ ਗਏ ਸਨ, ਇਹਨਾਂ ਕਿਰਤ ਕਾਨੂੰਨਾਂ ਨੂੰ ਪੂਰੀ ਦੁਨੀਆਂ ਦੇ ਦੇਸ਼ਾਂ ਵਿੱਚ ਲਾਗੂ ਕਰਾਉਣ ਵਾਸਤੇ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਸਨ। ਕਰੋਨਾ ਮਹਾਂਮਾਰੀ ਸੰਕਟ ਦਾ ਹੱਲ ਕਰਨ ਦੇ ਬਹਾਨੇ ਹੇਠ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਡੀ,ਏ, ਜੁਲਾਈ 2021 ਤੱਕ ਬੰਦ ਕਰ ਦੇਣਾ, ਮੁਲਾਜ਼ਮਾਂ ਦੇ ਭੱਤੇ ਬੰਦ ਕਰਕੇ ਮੁੱਢਲੀ ਤਨਖਾਹ ਦੇਣ ਦੀਆਂ ਸਕੀਮਾਂ ਤਿਆਰ ਕਰਨਾ, ਜਥੇਬੰਦੀਆਂ ਤੇ ਪਾਬੰਦੀਆਂ ਮੜਨ ਦੀ ਤਿਆਰੀ ਕਰਨਾ, ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੱਕ ਖਤਮ ਕਰਨ, ਕਿਰਤੀ ਲੋਕਾਂ ਨੂੰ ਜਥੇਬੰਦ ਹੋਣ ਤੇ ਪਾਬੰਦੀ ਮੜਨਾਂ, ਨਵੇਂ ਭਰਤੀ ਕੀਤੇ ਸਰਕਾਰੀ ਕਰਮਚਾਰੀਆਂ ਤੇ ਮਨਰੇਗਾ ਮਜਦੂਰ ਦਿਹਾੜੀ 240 ਰੁਪਏ ਵਾਲਾ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰਨਾ, ਬਿਜਲੀ ਐਕਟ 2003 ਵਿੱਚ ਸੋਧ ਕਰਕੇ ਬਿਜਲੀ ਸੋਧ ਬਿੱਲ 2020 ਰਾਹੀਂ ਪਾਵਰਕਾਮ ਦਾ ਮੁਕੰਮਲ ਨਿੱਜੀਕਰਨ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਅੰਨੇ ਮੁਨਾਫੇ ਦੀ ਗਰੰਟੀ ਕਰਨਾ, ਕੇਰਲਾ ਦੀ ਕਮਿਊਨਿਸਟ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਆਪਣੇ ਮੁਲਾਜ਼ਮਾਂ ਦੀ 5 ਮਹੀਨੇ ਲਗਾਤਾਰ ਤਨਖਾਹ ਕਟੌਤੀ ਦਾ ਫੁਰਮਾਨ ਜਾਰੀ ਕਰ ਦੇਣਾ, ਕੇਂਦਰ ਸਰਕਾਰ ਵੱਲੋਂ ਕਿਸਾਨੀ ਫਸਲਾਂ ਨਾ ਖਰੀਦਣ ਦਾ ਫੈਸਲਾ ਕਰਨਾ, ਅਤੇ ਖਰੀਦ ਏਜੰਸੀਆਂ ਨੂੰ ਖਤਮ , ਸਰਕਾਰਾਂ ਵੱਲੋਂ ਮੁਲਾਜ਼ਮ ਅਤੇ ਲੋਕ ਵਿਰੋਧੀ ਫੈਸਲਿਆਂ ਰਾਹੀਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਰਿਆਇਤਾਂ ਦੇਣ ਲਈ ਵਿੱਢੇ ਹਮਲਿਆਂ ਦੇ ਵਿਰੁੱਧ ਜਮਾਤੀ ਸੰਘਰਸ਼ਾਂ ਨੂੰ ਤੇਜ ਕਰਨਾ ਹੀ ਮਈ ਦਿਨ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।