ਅਸ਼ੋਕ ਵਰਮਾ
- ਡੇਰਾ ਰਾਧਾ ਸੁਆਮੀ ਵਿਖੇ ਕੀਤਾ ਗਿਆ ਠਹਿਰਣ ਦਾ ਪ੍ਰਬੰਧ
ਮਾਨਸਾ, 29 ਅਪ੍ਰੈਲ 2020 - ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲਗਾਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਵਿੱਚ ਫਸੇ ਹੋਏ ਵਿਅਕਤੀਆਂ ਨੂੰ ਵਾਪਸ ਲਿਆਉਣ ਲਈ ਉਪਰਾਲੇ ਤਹਿਤ ਮਾਨਸਾ ਜ਼ਿਲ੍ਹੇ ਨਾਲ ਸਬੰਧਤ 40 ਮਜ਼ਦੂਰਾਂ ਨੂੰ ਰਾਜਸਥਾਨ ਤੋਂ ਵਾਪਸ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਵਿੱਚ ਮਾਨਸਾ ਸਬ-ਡਵੀਜ਼ਨ ਨਾਲ ਸਬੰਧਤ 5, ਬੁਢਲਾਡਾ ਸਬ-ਡਵੀਜ਼ਨ ਨਾਲ ਸਬੰਧਤ 14 ਅਤੇ ਸਰਦੂਲਗੜ ਸਬ-ਡਵੀਜ਼ਨ ਨਾਲ ਸਬੰਧਤ 21 ਮਜ਼ਦੂਰ ਸ਼ਾਮਿਲ ਸਨ। ਉਨਾਂ ਦੱਸਿਆ ਕਿ ਇਹ ਮਜ਼ਦੂਰ 28 ਤੇ 29 ਅਪ੍ਰੈਲ 2020 ਦੀ ਦਰਮਿਆਨੀ ਰਾਤ ਨੂੰ 2 ਵਜੇ ਮਾਨਸਾ ਵਿਖੇ ਪਹੁੰਚੇ ਜਿੱਥੇ ਇਨ੍ਹਾਂ ਨੂੰ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਰਿਸੀਵ ਕੀਤਾ ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਵੀ ਇਸ ਮੌਕੇ ਮੌਜੂਦ ਸਨ।
ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਦੱਸਿਆ ਕਿ ਇਹ ਮਜ਼ਦੂਰ ਰਾਜਸਥਾਨ ਤੋਂ ਮਾਨਸਾ 3 ਸ਼ਿਫਟਾਂ ਵਿੱਚ ਆਏ ਜੋ ਕਿ ਰਾਤ ਨੂੰ 2 ਵਜੇ ਤੋਂ ਸਵੇਰੇ 7 ਵਜੇ ਤੱਕ ਆਉਂਦੇ ਰਹੇ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਇਨਾਂ ਮਜ਼ਦੂਰਾਂ ਨੂੰ ਰਿਸੀਵ ਕਰਨ ਉਪਰੰਤ ਸਿੱਧਾ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਇਨਾਂ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ। ਉਨ੍ਹਾਂ ਦੱਸਿਆ ਕਿ ਬਾਅਦ ’ਚ ਇਨਾਂ ਮਜ਼ਦੂਰਾਂ ਨੂੰ ਮਾਨਸਾ ਦੇ ਰਾਧਾ ਸੁਆਮੀ ਡੇਰਾ ਵਿਖੇ ਲਿਜਾਇਆ ਗਿਆ, ਜਿੱਥੇ ਇਨਾਂ ਦੇ ਰਹਿਣ ਅਤੇ ਰਿਫਰੈਸ਼ਮੈਂਟ ਦੇ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਸਥਾਨ ਤੋਂ ਆਏ ਇਨਾਂ 40 ਮਜ਼ਦੂਰਾਂ ਨੂੰ ਮਾਨਸਾ ਵਿਖੇ ਆਰਜੀ ਤੌਰ ’ਤੇ ਰੱਖਿਆ ਗਿਆ ਹੈ, ਤਾਂ ਜੋ ਕੋਰੋਨਾ ਵਾਇਰਸ ਫੈਲਣ ਦੀ ਕੋਈ ਸੰਭਾਵਨਾ ਨਾ ਰਹਿ ਸਕੇ। ਉਨਾਂ ਦੱਸਿਆ ਕਿ ਸਕਰੀਨਿੰਗ ਦੌਰਾਨ ਸਾਰੇ ਹੀ ਵਿਅਕਤੀ ਤੰਦਰੁਸਤ ਪਾਏ ਗਏ। ਉਨਾਂ ਦੱਸਿਆ ਕਿ ਅੱਜ ਇਨਾਂ ਵਿਅਕਤੀਆਂ ਨੂੰ ਉਨਾਂ ਦੀ ਸਬੰਧਤ ਸਬ-ਡਵੀਜ਼ਨ ਵਿਖੇ ਭੇਜਿਆ ਜਾ ਰਿਹਾ ਹੈ, ਜਿੱਥੇ ਸਬੰਧਤ ਐਸ.ਡੀ.ਐਮ. ਉਨਾਂ ਨੂੰ ਇਕਾਂਤਵਾਸ ਵਿੱਚ ਰੱਖਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਦੇ ਕੋਟਾ ਵਿੱਚ ਫਸੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 5 ਵਿਦਿਆਰਥੀਆਂ ਨੂੰ ਵੀ ਮਾਨਸਾ ਲਿਆਂਦਾ ਗਿਆ ਸੀ।