ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2020 - 25 ਅਪ੍ਰੈਲ ਦੇ ਸਾਂਝੇ ਜਨਤਕ ਰੋਸ ਪ੍ਰਦਰਸ਼ਨਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਈ ਥਾਂਈਂ ਅਜੇ ਵੀ ਮੰਡੀਆਂ ‘ਚ ਰੁਲ ਰਹੇ ਜਾਂ ਘਰੀਂ ਰੱਖੀ ਕਣਕ ਦੀ ਚਿੰਤਾ ਦੇ ਸਤਾਏ ਕਿਸਾਨਾਂ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਮੰਡੀਆਂ ‘ਚ ਹੀ ਜਨਤਕ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਜਿਲਾ ਇਕਾਈ ਦੀ ਮੀਟਿੰਗ ਰਾਜਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਹਰਿੰਦਰ ਬਿੰਦੂ ਨੇ ਜਾਣਕਾਰੀ ਦਿੰਦਿਆ ਜਾਰੀ ਪ੍ਰੈਸ ਬਿਆਨ ‘ਚ ਦੋਸ਼ ਲਾਇਆ ਕਿ ਬਹੁਤੇ ਥਾਂਈਂ ਖਰੀਦ ‘ਚ ਅੜਿੱਕਾ ਬਣੇ ਬਾਰਦਾਨੇ ਦੀ ਕਮੀ ਤੇ ਲਿਫਟਿੰਗ ਨਾ ਹੋਣ ਦੇ ਠੋਸ ਹੱਲ ਸਮੇਂ ਸਿਰ ਕਰਨ ‘ਚ ਕੇਂਦਰ ਤੇ ਪੰਜਾਬ ਸਰਕਾਰ ਦੋਨਾਂ ਦੀ ਨਾਕਾਮੀ ਨੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ।
ਉਨਾਂ ਆਖਿਆ ਕਿ ਖਰਾਬ ਮੌਸਮ ਕਾਰਨ ਕਿਤੇ-ਕਿਤੇ ਆਰਜ਼ੀ ਤੌਰ ‘ਤੇ ਵਧੀ ਦਾਣਿਆਂ ਦੀ ਨਮੀ ਦੀ ਸਜ਼ਾ ਵੀ ਖਰੀਦ ਠੱਪ ਕਰਕੇ ਕਿਸਾਨਾਂ ਨੂੰ ਹੀ ਦਿੱਤੀ ਜਾ ਰਹੀ ਹੈ ਜਦੋਂ ਕਿ ਇਸੇ ਮੌਸਮੀ ਖਰਾਬੀ ਕਾਰਨ ਖੇਤੀਬਾੜੀ ਵਿਭਾਗ ਪੰਜਾਬ ਦੇ ਅਦਾਜ਼ਿਆਂ ਮੁਤਾਬਕ 20 ਪ੍ਰਤੀਸ਼ਤ ਤੱਕ ਝਾੜ ਦੀ ਕਮੀ ਦੇ ਰੂਪ ‘ਚ ਸਜ਼ਾ ਪਹਿਲਾਂ ਹੀ ਕਿਸਾਨ ਭੁਗਤ ਚੁੱਕੇ ਹਨ। ਉਨਾਂ ਆਖਿਆ ਕਿ ਕਈ ਥਾਂਈਂ ਕਰਫਿਊ ਪਾਸਾਂ ਦੇ ਬਹਾਨੇ ਪੂਰੀ ਕਣਕ ਇੱਕੋ ਵੇਲੇ ਮੰਡੀ ‘ਚ ਢੇਰੀ ਕਰਨ ਤੋਂ ਇਨਕਾਰ ਰਾਹੀਂ ਬੇਲੋੜੀ ਖੱਜਲਖੁਆਰੀ ਵੀ ਜਾਰੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਚੇਤਨ ਤੌਰ ‘ਤੇ ਮੰਡੀਆਂ ‘ਚ ਬੇਲੋੜੀ ਭੀੜ ਤੋਂ ਬਚਾਓ ਲਈ ਕਰੋਨਾ ਮਹਾਂਮਾਰੀ ਵਿਰੁੱਧ ਜੰਗ ‘ਚ ਹਿੱਸਾ ਪਾ ਰਹੇ ਮਹੀਨਾ ਡੇਢ ਮਹੀਨਾ ਘਰੀਂ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਮਈ ਮਹੀਨੇ ‘ਚ 100 ਰੁ: ਅਤੇ ਉਸਤੋਂ ਮਗਰੋਂ 200 ਰੁਪਏ ਪ੍ਰਤੀ ਕੁਇੰਟਲ ਸੰਭਾਲ ਭੱਤਾ ਦਿੱਤਾ ਜਾਵੇ ਕਿਉਂਕਿ ਇਸੇ ਕਾਰਨ ਉਹਨਾਂ ਨੂੰ ਆਪਣੇ ਖੇਤੀ ਕਰਜ਼ਿਆਂ ਉੱਤੇ ਸੂਦਖੋਰਾਂ,ਬੈਂਕਾਂ ਨੂੰ ਇਸ ਦੇਰੀ ਦਾ ਵਿਆਜ਼ ਨਜਾਇਜ਼ ਭਰਨਾ ਪੈਣਾ ਹੈ।
ਉਹਨਾਂ ਆਖਿਆ ਕਿ ਲਗਾਤਾਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਰਜ਼ਾਗ੍ਰਸਤ ਅੰਨਦਾਤੇ ਕਿਸਾਨਾਂ ਲਈ ਤਾਂ ਇਸ ਨਿਗੂਣੀ ਰਾਹਤ ਵਾਸਤੇ ਵੀ ਕੇਂਦਰ ਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਖਾਲੀ ਹਨ ਪ੍ਰੰਤੂ ਮੁੱਠੀ ਭਰ ਕਾਰਪੋਰੇਟ ਸਾਮਰਾਜੀਆਂ ਦੇ ਅਖੌਤੀ ਡੁੱਬ ਰਹੇ ਕਾਰੋਬਾਰਾਂ ਨੂੰ ਬਚਾਉਣ ਲਈ 16 ਲੱਖ ਕਰੋੜ ਰੁਪਏ ਦੇ ਪੈਕੇਜ ਦੀਆਂ ਤਜਵੀਜ਼ਾਂ ਬਣ ਕੇ ਮੁਆਫ ਕਰਨੇ ਸ਼ੁਰੂ ਕਰ ਦਿੱਤੇ ਹਨ ਜਦੋਕਿ ਇਸ ਮਹਾਂਮਾਰੀ ਦੌਰਾਨ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ, ਅਤੇ ਵੱਡੇ ਭੂਮੀਪਤੀਆਂ ਉੱਤੇ ਵੱਡੇ ਮਹਾਂਮਾਰੀ ਟੈਕਸ ਲਗਾਉਣ ਦੀ ਜਰੂਰਤ ਸੀ। ਆਗੂਆਂ ਨੇ ਕਿਹਾ ਕਿ ਇਸ ਐਮਰਜੈਂਸੀ ਦੇ ਨਾਜਕ ਦੌਰ ਸਮੇਂ ਬੁੱਧੀਜੀਵੀਆਂ ,ਪੱਤਰਕਾਰਾਂ,ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਲੋਕਵਿਰੋਧੀ ਤੇ ਫਿਰਕੂ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਅਵਤਾਰ ਸਿੰਘ ਤਾਰੀ ,ਰਾਮ ਕੋਟਗੁਰੂ ,ਜੱਗਾ ਸਿੰਘ ਜੋਗਾ,ਜਗਸੀਰ ਝੁੰਬਾ ,ਗੁਲਾਬ ਸਿੰਘ ਜਿਉਂਦ ,ਸੁਖਜੀਤ ਸਿੰਘ ਕੋਠਾਗੁਰੂ ਹਾਜਰ ਸਨ ਜਿੰਨਾਂ ਨੇ ਜਨਤਕ ਵਿਰੋਧ ਸਮੇਂ ਕਰੋਨਾ ਬਚਾਓ ਸਾਵਧਾਨੀਆਂ ਵਜੋਂ ਮਾਸਕ ਪਹਿਨਣ, ਸਰੀਰਕ ਦੂਰੀ ਤੇ ਸੈਨੇਟਾਈਜਰਾਂ ਦੀ ਵਰਤੋਂ ਆਦਿ ਨੂੰ ਯਕੀਨੀ ਬਣਾਉਣ ਦੀ ਜ਼ੋਰਦਾਰ ਸਲਾਹ ਦਿੱਤੀ ਹੈ। ਆਗੂਆਂ ਨੇ ਇਸ ਸਮੇਂ ਹੋਰਨਾਂ ਤਬਕਿਆਂ ਨਾਲ ਜੁੜਵੀਆਂ ਸਾਂਝੀਆਂ ਮੰਗਾਂ ਤੇ ਵੀ ਵੱਖ ਵੱਖ ਸੰਭਵ ਸ਼ਕਲਾਂ ਰਾਹੀਂ ਸਘੰਰਸ਼ ਨੂੰ ਮੱਘਦਾ ਰੱਖਣ ਦੀ ਲੋੜ ਤੇ ਜੋਰ ਦਿੱਤਾ ਹੈ।