ਅਸ਼ੋਕ ਵਰਮਾ
ਬਠਿੰਡਾ, 29 ਅਪਰੈਲ 2020 - ਫਾਸ਼ੀ ਹਮਲਿਆਂ ਵਿਰੋਧੀ ਫਰੰਟ“ ਵਿੱਚ ਸ਼ਾਮਲ ਪਾਰਟੀਆਂ ਅਤੇ ਜੱਥੇਬੰਦੀਆਂ ਵੱਲੋਂ, ਇਸ ਵਾਰ ਦਾ ਕੌਮਾਂਤਰੀ ਮਜਦੂਰ ਦਿਹਾੜਾ, ਪਹਿਲੀ ਮਈ ਨੂੰ ਵਿਸ਼ਾਲ ਪੈਮਾਨੇ ‘ਤੇ ਮਨਾਇਆ ਜਾਵੇਗਾ।
ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਫਰੰਟ ਵਿੱਚ ਸ਼ਾਮਲ ਪਾਰਟੀਆਂ, ਭਾਰਤੀ ਕਮਿਊਨਿਸਟ ਪਾਰਟੀ( ਸੀ.ਪੀ.ਆਈ.) ਦੇ ਸੂਬਾ ਸਹਾਇਕ ਸਕੱਤਰ ਸਾਥੀ ਜਗਜੀਤ ਸਿੰਘ ਜੋਗਾ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੀ.ਪੀ.ਆਈ. (ਮ.ਲ.) ਲਿਬਰੇਸ਼ਨ ਦੇ ਸੂਬਾ ਆਗੂ ਸਾਥੀ ਹਰਵਿੰਦਰ ਸੇਮਾ, ਲੋਕ ਸੰਗਰਾਮ ਮੰਚ ਦੇ ਸੂਬਾਈ ਆਗੂ ਸਾਥੀ ਸੁਖਵਿੰਦਰ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਪੂਹਲਾ, ਇਨਕਲਾਬੀ ਲੋਕ ਮੋਰਚਾ ਦੇ ਜਿਲਾ ਪ੍ਧਾਨ ਸਾਥੀ ਬਲਵੰਤ ਸਿੰਘ ਮਹਿਰਾਜ ਅਤੇ ਸੀ.ਪੀ.ਆਈ. (ਮ.ਲ.) ਨਿਊ ਡੈਮੋਕਰੇਸੀ ਦੇ ਜ਼ਿਲ੍ਹਾ ਆਗੂ ਸਾਥੀ ਅਮਰਜੀਤ ਸਿੰਘ ਹਨੀ ਨੇ ਦਸਿਆ ਕਿ ਇਹ ਆਲਮੀ ਕਿਰਤੀ ਤਿਉਹਾਰ ਮਨਾਉਂਦਿਆਂ ਕਿਰਤੀਆਂ ਵੱਲੋਂ ਲਾੱਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਅਸੂਲਾਂ ਦੀ ਪਾਲਣਾ ਕਰਦਿਆਂ; ਕੰਮ ਥਾਵਾਂ, ਮੁਹੱਲਿਆਂ, ਅਨਾਜ ਮੰਡੀਆਂ, ਅਦਾਰਿਆਂ ਦੇ ਗੇਟਾਂ ਅਤੇ ਆਪੋ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਕਿਰਤੀਆਂ ਦੀ ਬੰਦਖਲਾਸੀ ਦੇ ਪ੍ਰਤੀਕ ਸੂਹੇ ਝੰਡੇ ਲਹਿਰਾ ਕੇ ਸੰਸਾਰ ‘ਚੋਂ ਹਰ ਕਿਸਮ ਦੀ ਲੁੱਟ ਤੋਂ ਮੁਕਤ, ਹਕੀਕੀ ਸਮਾਨਤਾ ਆਧਾਰਿਤ ਸਮਾਜ ਦੀ ਸਿਰਜਣਾ ਦਾ ਸੰਗਰਾਮ ਤੇਜ ਕਰਨ ਦਾ ਸੰਕਲਪ ਦ੍ਰਿੜਾਇਆ ਜਾਵੇਗਾ ।
ਫਰੰਟ ਦੇ ਆਗੂਆਂ ਨੇ ਦੱਸਿਆ ਕਿ ਮਈ ਦਿਵਸ ਸਮਾਰੋਹਾਂ ਦੌਰਾਨ, ਕੋਵਿਡ-19 ( ਨੋਵਲ ਕੋਰੋਨਾ ਵਾਇਰਸ) ਕਰਕੇ ਬਣੀ ਸੰਸਾਰੀ ਵਿਆਪੀ ਮਹਾਂਮਾਰੀ ਦੇ ਟਾਕਰੇ ਹਿੱਤ ਸੰਤੁਲਿਤ, ਵਿਗਿਆਨਕ, ਲੋਕ ਹਿਤੈਸ਼ੀ ਅਤੇ ਸੰਸਾਰ ਭਰ ਦੇ ਦੇਸ਼ਾਂ ਦੀ ਇੱਕਜੁਟ ਪਹੁੰਚ ਅਖਤਿਆਰ ਕਰਨ ਦੀ ਬਜਾਇ, ਨਵਉਦਾਰਵਾਦੀ ਸੰਸਾਰ ਨਿਜਾਮ ਅਤੇ ਇਸ ਦੀ ਭਾਈਵਾਲ ਭਾਰਤ ਦੀ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਪੱਖਪਾਤੀ, ਫੁੱਟ ਪਾਊ, ਗਰੀਬਾਂ ਪ੍ਰਤੀ ਨਿਰਦੈਤਾ ਆਧਾਰਿਤ ਅਤੇ ਅਵਿਗਿਆਣਕ ਪੈਂਤੜਿਆਂ ਨੂੰ ਬੇਪਰਦ ਕਰਦਿਆਂ ਮਿਹਨਤੀ ਆਵਾਮ ਨੂੰ ਇਸ ਨੀਤੀ ਚੌਖਟੇ ਵਿਰੁੱਧ ਸੰਗਰਾਮਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਜਾਵੇਗਾ।
ਆਗੂਆਂ ਨੇ ਦੋਸ਼ ਲਾਇਆ ਕਿ ਇਸ ਗੰਭੀਰ ਅਵਸਥਾ ਵਿੱਚ ਵੀ ਮੋਦੀ ਸਰਕਾਰ ਦੇਸ਼ ਦੀ ਧੰਨ-ਸੰਪਦਾ, ਕਾਰਪੋਰੇਟ ਘਰਾਣਿਆਂ ਨੂੰ ਦੋਹੀਂ ਹੱਥੀਂ ਲੁਟਾਉਣ ਅਤੇ ਭਾਰਤੀ ਆਵਾਮ ਨੂੰ ਕਾਲਪਨਿਕ ਫਿਰਕੂ ਝਗੜਿਆਂ ਦੇ ਆਧਾਰ ‘ਤੇ ਲੀਰੋ ਲੀਰ ਕਰਨ ਤੋਂ ਬਾਜ ਨਹੀਂ ਆ ਰਹੀ। ਮੋਦੀ ਸਰਕਾਰ ਵੱਲੋਂ ਮਹਾਂਮਾਰੀ ਦੇ ਇਸ ਸੰਕਟਾਂ ਭਰਪੂਰ ਸਮੇਂ ਨੂੰ ਮਨੁੱਖੀ ਅਤੇ ਸੰਵਿਧਾਨਕ ਹੱਕਾਂ ਦੇ ਘਾਣ ਦੇ ‘ਸੁਨਹਿਰੀ ਮੌਕੇ‘ ਵਜੋਂ ਵਰਤਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਭਾਰਤ ਦੇ ਕਿਰਤੀ ਲਾਸਾਨੀ ਕੁਰਬਾਨੀਆਂ ਰਾਹੀਂ ਹਾਸਲ ਕੀਤੇ ਕਿਰਤ ਕਾਨੂੰਨਾਂ ਦੇ ਖਾਤਮੇ, ਜਬਰੀ ਤਣਖਾਹ ਅਤੇ ਪੈਨਸ਼ਨ ਕਟੌਤੀ ਅਤੇ ਖੇਤੀ ਨੂੰ ਕਾਰਪੋਰੇਟ ਬਘਿਆੜ ਦੇ ਹਵਾਲੇ ਕਰਨ ਦੀਆਂ ਸਾਜਸ਼ਿਾਂ ਕਤਈ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਵੱਲੋਂ ਸਮੂਹ ਲੋਕ ਪੱਖੀ ਸ਼ਕਤੀਆਂ ਅਤੇ ਆਮ ਲੋਕਾਈ ਨੂੰ ਮਈ ਦਿਵਸ ਸਮਾਰੋਹਾਂ ਵਿੱਚ ਪਰਿਵਾਰਾਂ ਸਮੇਤ ਜੋਸ਼ ਓ ਖਰੋਸ਼ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।