ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2020 - ਕੋਰੋਨਾ ਲਾਕਡਾਊਨ ਦਾ ਨਜਾਇਜ਼ ਲਾਹਾ ਲੈਂਦਿਆਂ ਜਿੱਥੇ ਕੇਂਦਰ ਸਰਕਾਰ ਵੱਲੋਂ ਵਧੇਰੇ ਮੀਂਹ ਵਾਲੇ ਜਿਲ੍ਹਿਆਂ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੁਹਾਲੀ 'ਚ ਕਣਕ ਦੇ ਪਿਚਕੇ ਦਾਣਿਆਂ ਦੀ ਆੜ 'ਚ 4.81 ਰੁਪਏ ਤੋਂ ਲੈ ਕੇ 24.06 ਰੁਪਏ ਤੱਕ ਪ੍ਰਤੀ ਕੁਇੰਟਲ ਰੇਟ 'ਚ ਕਟੌਤੀ ਕਰਨ ਦੇ ਕਿਸਾਨ ਵਿਰੋਧੀ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਪੰਜਾਬ ਸਰਕਾਰ ਨੇ ਵਿਕਾਸ ਦੇ ਨਾਂ ਹੇਠਾਂ ਲੁਧਿਆਣਾ ਲਾਗੇ ਹਲਵਾਰਾ ਸਥਿਤ ਹਵਾਈ ਅੱਡੇ ਦੇ ਵਿਸਥਾਰ ਲਈ ਐਤੀਆਣਾ ਪਿੰਡ ਦੇ ਕਿਸਾਨਾਂ ਦੀ 161.27 ਏਕੜ ਜ਼ਮੀਨ ਉੱਤੇ ਜਬਰੀ ਕਬਜ਼ਾ ਕਰਨ ਦੇ ਹੁਕਮ ਚਾੜ ਦਿੱਤੇ ਹਨ।
ਦੋਨਾਂ ਸਰਕਾਰਾਂ ਦੇ ਇਹਨਾਂ ਫੈਸਲਿਆਂ ਦੀ ਸਖਤ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ 'ਚ ਇਹ ਕਿਸਾਨ ਮਾਰੂ ਹੁਕਮ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਹਨਾਂ ਹੁਕਮਾਂ ਤੋਂ ਪੀੜਤ ਕਿਸਾਨਾਂ ਨੂੰ ਸੰਘਰਸ਼ ਦੇ ਮੈਦਾਨ 'ਚ ਡਟਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਅਜਿਹੇ ਸੰਘਰਸ਼ ਦੀ ਡਟਵੀਂ ਹਿਮਾਇਤ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
ਕਿਸਾਨ ਆਗੂਆਂ ਵੱਲੋਂ ਕੇਂਦਰ ਦੀ ਭਾਜਪਾ ਹਕੂਮਤ 'ਤੇ ਕਿਸਾਨ ਮਜ਼ਦੂਰ ਵਿਰੋਧੀ ਅਤੇ ਲੁਟੇਰੇ ਧਨਾਡ ਕਾਰਪੋਰੇਟਾਂ ਪੱਖੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ ਇੱਕ ਪਾਸੇ ਤਾਂ ਕਰਜ਼ੇ ਦੱਬਣ ਵ 50 ਅਰਬਪਤੀਆਂ ਦੇ 68,607 ਕਰੋੜ ਰੁਪਏ ਦੇ ਕਰਜ਼ਿਆਂ 'ਤੇ ਲਕੀਰ ਮਾਰੀ ਗਈ। ਹੋਰ ਤਾਂ ਹੋਰ ਇਹਨਾਂ ਵਰਗੇ ਮੁੱਠੀ ਭਰ ਅਰਬਪਤੀਆਂ ਤੋਂ ਮੋਟੇ ਕਰੋਨਾ ਟੈਕਸ ਵਸੂਲਣ ਦੀ ਸਿਫਾਰਸ਼ੀ-ਰਿਪੋਰਟ ਜਾਰੀ ਕਰਨ ਵਾਲੇ ਕੌਮੀ ਪੱਧਰ ਦੇ 50 ਮਾਲ ਅਧਿਕਾਰੀਆਂ ਦੀ ਕਮੇਟੀ ਦੇ ਤਿੰਨ ਮੁਖੀਆਂ ਨੂੰ ਮੁਅੱਤਲ ਕਰਨ ਦੇ ਦੋਸ਼-ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਪਰ ਦੂਜੇ ਪਾਸੇ ਕਿਸਾਨਾਂ ਦੀ ਹੱਡਭੰਨਵੀਂ ਕਮਾਈ 'ਚੋਂ ਕਟੌਤੀ ਕਰਨ ਤੋਂ ਇਲਾਵਾ ਕੇਂਦਰੀ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਦੇ ਹੁਕਮ ਵੀ ਚਾੜੵ ਦਿੱਤੇ ਹਨ। ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਇਹਨਾਂ ਸਰਕਾਰਾਂ ਵਿਰੁੱਧ ਇਕਜੁਟ ਸਾਂਝੇ ਜਨਤਕ ਸੰਘਰਸ਼ ਭਖਾਉਣ ਦਾ ਸੱਦਾ ਦਿੱਤਾ ਗਿਆ ਹੈ।