ਅਸ਼ੋਕ ਵਰਮਾ
- 64 ਬੱਸਾਂ ਰਾਹੀਂ ਪੁੱਜੇ 2293 ਸ਼ਰਧਾਲੂ
-15 ਬੱਸਾਂ ਹੋਰ ਆਉਣਗੀਆਂ
ਬਠਿੰਡਾ, 29 ਅਪ੍ਰੈਲ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਭੇਜੀਆਂ ਬੱਸਾਂ ਰਾਹੀਂ ਲੋਕ ਵਾਪਿਸ ਆਉਣਾ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਇੰਨ੍ਹਾਂ ਬੱਸਾਂ ਦਾ ਹਰਿਆਣਾ ਨਾਲ ਲੱਗਦੀ ਸਰਹੱਦ ਤੋਂ ਪੰਜਾਬ ਵਿਚ ਦਾਖਲਾ ਸ਼ੁਰੂ ਹੋਇਆ। ਜਿੱਥੇ ਇੰਨ੍ਹਾਂ ਸ਼ਰਧਾਲੂਆਂ ਨੂੰ ਨਾਸ਼ਤਾ ਅਤੇ ਪਾਣੀ ਦੇਣ ਅਤੇ ਇੰਨ੍ਹਾਂ ਸਬੰਧੀ ਮੁੱਢਲਾ ਰਿਕਾਰਡ ਇਕੱਤਰ ਕਰਨ ਤੋਂ ਬਾਅਦ ਇੰਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ।
ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਤੋਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੀਆਂ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਸੀ ਜਿੰਨ੍ਹਾਂ ਵਿਚੋਂ ਇਕ ਬੱਸ ਰਸਤੇ ਵਿਚ ਖਰਾਬ ਹੋਈ ਬਸ ਦੇ ਯਾਤਰੀਆਂ ਨੂੰ ਲੈ ਕੇ ਪਹਿਲਾਂ ਮੁੜ ਆਈ ਸੀ ਜਦ ਕਿ ਅੱਜ ਬਾਕੀ 79 ਬੱਸਾਂ ਦੀ ਵਾਪਸੀ ਆਰੰਭ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਡੂਮਵਾਲੀ ਬਾਰਡਰ ਤੇ ਖਾਣਾ ਅਤੇ ਪੀਣ ਦਾ ਪਾਣੀ ਉਪਲਬੱਧ ਕਰਵਾ ਕੇ ਇੰਨ੍ਹਾਂ ਨੂੰ ਸਬੰਧਤ ਜਿ਼ਲ੍ਹੇ ਵਿਚ ਭੇਜਿਆ ਜਾ ਰਿਹਾ ਹੈ ਜਿੱਥੇ ਇੰਨ੍ਹਾਂ ਨੂੰ ਸਬੰਧਤ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਤੌਰ 'ਤੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ ਬੱਸਾਂ ਦੇ ਦਾਖਲੇ ਮੌਕੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਅੱਜ ਇੱਥੇ ਪਹੁੰਚੇ ਗੁਰਦਾਸਪੁਰ ਦੇ ਪਿੰਡ ਅਠਵਾਲ ਦੇ ਹਰੀ ਸਿੰਘ ਨੇ ਕਿਹਾ ਕਿ ਉਹ ਮਾਰਚ ਮਹੀਨੇ ਨਾਂਦੇੜ ਸਾਹਿਬ ਗਏ ਸਨ ਪਰ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਪੰਜਾਬ ਸਰਕਾਰ ਵੱਲੋਂ ਬੱਸਾਂ ਮੁਹਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਸਤੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਈ ਅਤੇ ਏਸੀ ਬੱਸਾਂ ਰਾਹੀਂ ਉਹ ਅੱਜ ਵਾਪਸ ਪਰਤ ਆਏ ਹਨ।
ਮੌਕੇ ਤੇ ਐਸਡੀਐਮ ਅਮਰਿੰਦਰ ਸਿੰਘ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਵੰਲਟੀਅਰ ਵੀ ਇੱਥੇ ਸ਼ਰਧਾਲੂਆਂ ਨੂੰ ਭੋਜਨ ਮੁਹਈਆ ਕਰਵਾਉਣ ਵਿਚ ਮਦਦ ਕਰ ਰਹੇ ਹਨ।ਇੰਨ੍ਹਾਂ ਬੱਸਾਂ ਰਾਹੀਂ ਆਏ ਸ਼ਰਧਾਲੂਆਂ ਨੂੰ ਮੈਰੀਟੋਰੀਅਸ ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ।
ਖ਼ਬਰ ਲਿਖੇ ਜਾਣ ਤੱਕ 64 ਬੱਸਾਂ ਵਾਪਿਸ ਆ ਗਈਆਂ ਸਨ ਜਿੰਨ੍ਹਾਂ ਵਿਚ ਪਰਤੇ 2293 ਸ਼ਰਧਾਲੂਆਂ ਦਾ ਜ਼ਿਲ੍ਹਾਵਾਰ ਵੇਰਵਾ ਨਿਮਨ ਅਨੁਸਾਰ ਹੈ। ਅੰਮ੍ਰਿਤਸਰ-294, ਬਰਨਾਲਾ 97, ਬਠਿੰਡਾ 69, ਫਰੀਦਕੋਟ 6, ਫਤਿਹਗੜ੍ਹ ਸਾਹਿਬ 13, ਫਿਰੋਜਪੁਰ 30, ਫਾਜ਼ਿਲਕਾ 27, ਗੁਰਦਾਸਪੁਰ 382, ਹੁਸਿ਼ਆਰਪੁਰ 85, ਜਲੰਧਰ 122, ਕਪੂਰਥਲਾ 42, ਲੁਧਿਆਣਾ 179, ਮਾਨਸਾ 9, ਮੋਗਾ 130, ਸ੍ਰੀ ਮੁਕਤਸਰ ਸਾਹਿਬ 57, ਪਠਾਨਕੋਟ 6, ਪਟਿਆਲਾ 68, ਰੂਪਨਗਰ 31, ਮੋਹਾਲੀ 11, ਸੰਗਰੂਰ 200, ਨਵਾਂਸ਼ਹਿਰ 101, ਤਰਨਤਾਰਨ 308, ਚੰਡੀਗੜ੍ਹ ਤੇ ਹੋਰ 26 ਹਨ ।