ਫਿਰੋਜ਼ਪੁਰ, 29 ਅਪ੍ਰੈਲ 2020 - ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨ ਨੂੰ ਹੋਰ ਮੁਸੀਬਤ 'ਚ ਫ਼ਸਾ ਦਿੱਤਾ ਹੈ। ਅੱਜ ਕੇਂਦਰ ਸਰਕਾਰ ਦੇ ਵੱਖ ਵੱਖ ਮਹਿਕਮਿਆ ਨੇ ਅੱਜ ਤੋਂ ਮੰਡੀਆਂ 'ਚ ਆ ਰਹੀ ਕਣਕ ਦੇ ਮਾਜੂ (ਕਮਜੋਰ) ਦਾਣੇ ਦੇ ਪ੍ਰਸੰਗ ਜੋ ਸਿਫ਼ਾਰਿਸ਼ਾਂ ਕੀਤੀਆ ਹਨ ਉਸ ਨਾਲ ਕਿਸਾਨਾਂ, ਜਿਨਾਂ ਦੀ ਕਣਕ ਦੀ ਫ਼ਸਲ ਦਾ ਝਾੜ੍ਹ ਬੇਮੌਸਮੀਆਂ ਬਾਰਸ਼ਾਂ, ਝੱਖੜਾਂ ਅਤੇ ਗੜ੍ਹਿਆਂ ਕਰਕੇ ਪਹਿਲਾਂ ਹੀ ਘੱਟ ਨਿਕਲਿਆ ਹੈ, ਉਹਨਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਹੈ। ਕਿਸਾਨ ਕਈ ਕਈ ਦਿਨਾਂ ਤੋਂ ਮੰਡੀਆਂ 'ਚ ਰੁਲ ਰਹੇ ਹਨ, ਇੰਸਪੈਕਟਰ ਉਡੀਕਣ ਲਈ ਕਹਿ ਕੇ ਚਲਾ ਜਾਂਦਾ ਹੈ।
ਖੁਰਾਕ ਏਜੰਸੀਆਂ ਦੇ ਅਧਿਕਾਰੀਆਂ ਤੋਂ ਪਤਾ ਕਰਨ ਉਪਰੰਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਇਸ ਫੈਸਲੇ, ਜਿਸ ਅਨੁਸਾਰ, ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੇਕਰ ਕਮਜੋਰ ਦਾਣਾ 6 ਤੋਂ 8 ਪ੍ਰਤੀਸ਼ੱਤ ਹੈ ਤਾਂ 4 ਰੁਪਏ, 81 ਪੈਸੇ, ਜੇਕਰ ਕਮਜੋਰ ਦਾਣਾ 8 ਤੋਂ 10 ਪ੍ਰਤੀਸ਼ੱਤ ਹੈ ਤਾਂ 9 ਰੁਪਏ 62 ਪੈਸੇ, 10 ਤੋਂ 12 ਪ੍ਰਤੀਸ਼ੱਤ ਤੱਕ 14 ਰੁਪਏ43 ਪੈਸੇ ਜੇਕਰ 12 ਤੋਂ 14 ਪ੍ਰਤੀਸ਼ੱਤ ਹੈ ਤਾਂ 19 ਰੁਪਏ 25 ਪੈਸੇ ਅਤੇ ਜੇਕਰ ਮਾਜੂ ਦਾਣਾ 14 ਤੋਂ 16 ਪ੍ਰਤੀਸ਼ੱਤ ਹੈ 24 ਰੁਪਏ 26 ਪੈਸੇ ਪ੍ਰਤੀ ਕੁਇੰਟਲ ਦੇ ਰੇਟ ਘੱਟ ਮਿਲੇਗਾ, ਦੀ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ।
ਇਸ ਦੇ ਨਾਲ ਹੀ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਨਰਿੰਦਰ ਨਿੰਦੀ , ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਪਰਮਜੀਤ ਸਿੰਘ ਜ਼ੀਰਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਗੁਰਵਿੰਦਰ ਸਿੰਘ ਗੁੱਦੜ ਢੰਡੀ , ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ , ਕ੍ਰਾਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ , ਕ੍ਰਾਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਕਨਵੀਨਰ ਜ਼ੈਲ ਸਿੰਘ ਚੱਪਾਅੜਿੱਕੀ ਅਤੇ ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਦੱਸਿਆ ਕਿ ਇੱਕ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਤੇ ਕਰੋਨਾ ਸੰਕਟ ਕਾਰਨ ਲੌਕਡਾਊਨ ਦੇ ਚੱਲਦਿਆਂ ਮਜ਼ਦੂਰ ਜਮਾਤ ਆਪਣੇ ਘਰਾਂ ਵਿਚ, ਵਿਹੜਿਆਂ,ਮੁੱਹੱਲਿਆਂ , ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਘਰਾਂ ਦੀਆਂ ਛੱਤਾਂ ਤੇ ਲਾਲ ਝੰਡੇ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ।
ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ਚ ਡਿਊਟੀ ਦੇ ਘੰਟੇ 8 ਤੋਂ 12 ਦੇ ਫੁਰਮਾਨ ਨੂੰ ਚੁਣੌਤੀ ਦੇਣਗੇ । ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ 1948ਦੇ ਲੇਬਰ ਐਕਟ ਦੀਆਂ 12 ਧਰਾਵਾਂ ਨੂੰ ਖਤਮ ਕਰਕੇ ਕੋਡ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ 4 ਕੋਡਾਂ ਤਹਿਤ ਕੁਰਬਾਨੀਆ ਦੇ ਕੇ ਹਾਸਲ ਕੀਤੇ ਕੀਤੇ ਹੱਕਾ ਨੂੰ ਕਾਰਪੋਰੇਟ ਦੇ ਹਿੱਤਾਂ ਚ ਬਦਲਣ , ਯੂਨੀਅਨ ਮਾਲਕ ਪੱਖੀ ਬਣਾਉਣ ਅਤੇ ਹੋਰ ਨਵੇਂ ਤਰੀਕਿਆਂ ਰਾਹੀਂ ਮਜ਼ਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਲੌਕਡਾਊਨ ਕਰਕੇ ਤਰਸਯੋਗ ਬਣੀ ਹੋਈ ਹੈ ਇਸ ਕਰਕੇ ਮਜ਼ਦੂਰਾਂ ਦੀਆਂ ਮੰਗਾਂ 12ਘੰਟੇ ਡਿਊਟੀ ਆਰਡੀਨੈਂਸ ਰੱਦ ਕਰਨ,ਲਾਕਡਾਊਨ ਦੌਰਾਨ ਸਮੂਹ ਮਜ਼ਦੂਰਾਂ ਦੇ ਖਾਤਿਆਂ ਵਿਚ ਘੱਟੋ-ਘੱਟ ਉਜਰਤ ਬਰਾਬਰ ਰਕਮ ਪਾਉਣ , ਬੇਰੁਜ਼ਗਾਰ ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਕੰਮ ਦੇਣ, ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਾਮੀਆਂ ਦੇ ਵਿਦਿਆਰਥੀਆਂ, ਬੁੱਧੀਜੀਵੀਆਂ, ਕਸ਼ਮੀਰ ਦੇ ਫੋਟੋ ਪੱਤਰਕਾਰਾਂ ਨੂੰ ਰਿਹਾਅ ਕਰਨ , ਝੂਠੇ ਕੇਸ ਵਾਪਿਸ ਲੈਣ , ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤੀ ਵਿਹਾਰ ਬੰਦ ਕਰਨ , ਅਤੇ ਮਹਾਂਮਾਰੀ ਦੀ ਆੜ ਹੇਠ ਕਾਨੂੰਨ ਦੀ ਦੁਰਵਰਤੋ ਬੰਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 1 ਮਈ ਨੂੰ ਮਜ਼ਦੂਰ ਆਪਣੇ ਘਰਾਂ ਦੀਆਂ ਛੱਤਾਂ ਤੇ ਲਾਲ ਝੰਡੇ ਲਹਿਰਾਉਣਗੇ।