ਰਜਨੀਸ਼ ਸਰੀਨ
- ਉਦਯੋਗਿਕ ਇਕਾਈ ਨੂੰ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ ਦੀ ਪਾਲਣਾ ਲਈ ਅਪਲੋਡ ਕਰਨਾ ਪਵੇਗਾ ਸਵੈ-ਘੋਸ਼ਣਾ ਪੱਤਰ
ਨਵਾਂਸ਼ਹਿਰ, 30 ਅਪਰੈਲ 2020 - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਨਅਤੀ ਇਕਾਈਆਂ ਅਤੇ ਸਨਅਤੀ ਫ਼ੋਕਲ ਪੁਆਇੰਟ ਐਸੋਸੀਏਸ਼ਨ ਨਵਾਂਸ਼ਹਿਰ ਨਾਲ ਸਰਕਾਰ ਦੀਆਂ ਕੋਵਿਡ-19 ਪ੍ਰੋਟੋਕਾਲ ਅਧੀਨ ਸਨਅਤਾ ਚਲਾਉਣ ਸਬੰਧੀ ਆਏ ਸੋਧੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਮੀਟਿੰਗ ਦੌਰਾਨ ਦੱਸਿਆ ਕਿ ਸਨਅਤ ਚਲਾਉਣ ਲਈ ਮਨਜੂਰੀ ਲੈਣ ਲਈ ‘ਬਿਜ਼ਨੈਸ ਫ਼ਸਟ’ ਪੋਰਟਲ ’ਤੇ ਬਿਨੇ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਮੁਤਾਬਕ ਸਨਅਤਾਂ ਨੂੰ ਅਲੱਗ ਤੋਂ ਮਨਜੂਰੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਨ੍ਹਾਂ ਵੱਲੋਂ ਉਕਤ ਪੋਰਟਲ ’ਤੇ ਲਈ ਆਗਿਆ ਹੀ ਮਨਜੂਰੀ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ ਦੀ ਪਾਲਣਾ ਲਈ ਸਵੈ-ਘੋਸ਼ਣਾ ਪੱਤਰ ਵੀ ਅਪਲੋਡ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਅਤਾਂ ’ਚ ਕੋਵਿਡ-19 ਪ੍ਰੋਟੋਕਾਲ ਲਈ ਸਮੇਂ-ਸਮੇਂ ਕੀਤੀਆਂ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਜ਼ਿਲ੍ਹੇ ’ਚ ਕੋਵਿਡ-19 ਦੀ ਰੋਕਥਾਮ ਦੇ ਯਤਨਾਂ ’ਚ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਨਅਤੀ ਇਕਾਈਆਂ ਮਜ਼ਦੂਰਾਂ/ਕਰਮਚਾਰੀਆਂ ਨੂੰ ਜਨਤਕ ਟ੍ਰਾਂਸਪੋਰਟ ਦੀ ਬਜਾਏ ਨਿੱਜੀ ਟ੍ਰਾਂਸਪੋਰਟ ਰਾਹੀਂ ਹੀ ਲਿਆਉਣ-ਲਿਜਾਣ ਅਤੇ ਜਿਹੜੇ ਵਰਕਰ ਜਾਂ ਮਜ਼ਦੂਰ ਸਨਅਤ ਦੇ ਬਿਲਕੁਲ ਨੇੜੇ ਹੀ ਰਹਿੰਦੇ ਹਨ, ਉਹ ਪੈਦਲ ਜਾਂ ਸਾਈਕਲਾਂ ’ਤੇ ਆਣ-ਜਾਣ ਕਰ ਸਕਦੇ ਹਨ। ਸਨਅਤਾਂ ’ਚ ਵਰਕਰਾਂ ਅਤੇ ਕਾਮਿਆਂ ਦੀ ਸਿਹਤ ਜਾਂਚ ਨੂੰ ਨਿਯਮਤ ਤੌਰ ’ਤੇ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਦੇ ਕੰਮ ਕਰਨ ਵਾਲੇ ਸਥਾਨਾਂ ਨੂੰ ਸਮੇਂ-ਸਮੇਂ ਰੋਗਾਣੂ ਨਾਸ਼ਕ ਘੋਲ ਨਾਲ ਸਾਫ਼ ਕੀਤਾ ਜਾਵੇ। ਕਾਮਿਆਂ ਨੂੰ ਵਾਰ-ਵਾਰ ਹੱਥਾਂ ਨੂੰ ਸਾਫ਼ ਰੱਖਣ ਲਈ ਹਦਾਇਤ ਕੀਤੀ ਜਾਵੇ। ਮਾਸਕ ਦੀ ਵਰਤੋਂ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਸਨਅਤ ਕੋਵਿਡ-19 ਤਹਿਤ ਨਿਰਧਾਰਿਤ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ ਤਹਿਤ ਆਪਣਾ ਕੰਮ ਉਕਤ ‘ਬਿਜ਼ਨੈਸ ਫ਼ਸਟ’ ਪੋਰਟਲ ’ਤੇ ਬਿਨੇ ਕਰਨ ਬਾਅਦ ਕਰ ਸਕਦੀ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਯੋਗਿਕ ਇਕਾਈਆਂ ਤੋਂ ਇਹੀ ਆਸ ਰੱਖੀ ਜਾਂਦੀ ਹੈ ਕਿ ਸਨਅਤੀ ਕਾਮਿਆਂ ਅਤੇ ਸਟਾਫ਼ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ।
ਮੀਟਿੰਗ ’ਚ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲ੍ਹਾ ਉਦਯੋਗ ਕੇਂਦਰ ਦੇ ਫ਼ੰਕਸ਼ਨਲ ਮੈਨੇਜਰ ਅਰਸ਼ਜੀਤ ਸਿੰਘ, ਫ਼ੋਕਲ ਪੁਆਇੰਟ ਐਸੋਸੀਏਸ਼ਨ ਤੋਂ ਇਲਾਵਾ ਮੈਕਸ ਫ਼ਿਲਮਜ਼, ਸਨ ਫ਼ਾਰਮਾ, ਸੈਂਟਰੀਐਂਟ ਫ਼ਾਰਮਾ, ਸਹਿਕਾਰੀ ਸ਼ੂਗਰ ਮਿੱਲ, ਹੈਲਥ ਕੈਪਸ ਇੰਡੀਆ, ਐਸ ਐਮ ਐਲ ਇਸਜ਼ੂ, ਐਸ ਵੀ ਕੋਲਡ ਡ੍ਰਿੰਕਸ, ਦੋਆਬਾ ਐਲੂਮੀਨੀਅਮ, ਸਾਹਿਲ ਬੇਕਰੀ ਤੇ ਜੀ ਵੀ ਐਸ ਬਾਇਓਟੈਕ ਆਦਿ ਮੌਜੂਦ ਸਨ।