ਫਿਰੋਜ਼ਪੁਰ, 30 ਅਪ੍ਰੈਲ 2020 - ਵਿਸ਼ਵ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਖਿਲਾਫ ਜੰਗ ਦੇ ਫਰੰਟ 'ਤੇ ਲੜ ਰਹੇ ਹੈੱਲਥ ਵਰਕਰਜ਼ ਅਤੇ ਡਾਕਟਰਜ਼ ਅਤੇ ਇਸ ਸਮੇਂ ਪਿੰਡ ਵਿਚ ਸਫਾਈ ਲਈ ਜੀ ਜਾਨ ਲਗਾ ਰਹੇ ਸਫਾਈ ਕਾਮਿਆਂ ਦਾ ਗ੍ਰਾਮ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ। ਪੰਚਾਇਤ ਨੇ ਸਰਪੰਚ ਬਲਵਿੰਦਰ ਕੁਮਾਰ, ਜਤਿੰਦਰ ਸਿੰਘ, ਗੌਪੀ ਔਲਖ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਵਿਚ ਪਿੰਡ ਦੇ ਸਫਾਈ ਸੇਵਕ ਨੀਟੂ, ਸੋਨੂੰ ਅਤੇ ਧਰਮਪਾਲ ਦਾ ਕੱਪੜੇ, ਅਨਾਜ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨ ਕੀਤਾ ਗਿਆ ਅਤੇ ਅਜਿਹੇ ਔਖੇ ਸਮੇਂ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ।
ਇਸ ਤੋਂ ਇਲਾਵਾ ਪਿੰਡ ਦੇ ਹੈੱਲਥ ਸੈਂਟਰ ਵਿਚ ਤੈਨਾਤ ਮੈਡੀਕਲ ਅਫਸਰ ਡਾ. ਤਾਨੀਆ ਅਰੋੜਾ, ਰੂਰਲ ਹੈੱਲਥ ਅਫਸਰ ਡਾ. ਪ੍ਰਭਾਤ ਬਜਾਜ, ਫਾਰਮਾਸਿਸਟ ਰਵਿੰਦਰ ਕੁਮਾਰ, ਮੇਲ ਹੈੱਲਥ ਵਰਕਰ ਰਮੇਸ਼ ਲਾਲ, ਫੀਮੇਲ ਹੈੱਲਥ ਵਰਕਰ ਬਲਜਿੰਦਰ ਕੌਰ ਅਤੇ ਕੁਲਵਿੰਦਰ ਕੌਰ ਦਰਜਾਚਾਰ ਸ਼੍ਰੀਮਤੀ ਸਰੋਜ ਰਾਣੀ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸੰਕਟਮਈ ਸਮੇਂ ਵਿਚ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀ ਸਿਹਤ ਅਤੇ ਵਾਇਰਸ ਤੋਂ ਬਚਾਅ ਲਈ ਕੀਤੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਮੈਂਬਰ ਪੰਚਾਇਤ ਦਵਿੰਦਰ ਸਿੰਘ, ਸੁਖਵਿੰਦਰ ਕੁਮਾਰ, ਗੁਰਬਖਸ਼ ਸਿੰਘ, ਅਮਰਿੰਦਰ ਸਿੰਘ ਅਤੇ ਏਸ਼ੀਅਨ ਖਿਡਾਰੀ ਈਸ਼ਵਰ ਸ਼ਰਮਾ ਵੀ ਹਾਜ਼ਰ ਰਹੇ।