ਅਸ਼ੋਕ ਵਰਮਾ
- ਡੀ ਈ ਓ ਅਤੇ ਅਧਿਆਪਕਾਂ ਵੱਲੋਂ ਜ਼ੂਮ ਐਪ ਰਾਹੀਂ ਵਿਦਾਇਗੀ
ਮਾਨਸਾ, 30 ਅਪ੍ਰੈਲ 2020 - ਚਾਰ ਦਹਾਕਿਆਂ ਦੇ ਲਗਭਗ ਆਪਣੀ ਸੇਵਾ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਸੇਵਾਦਾਰ ਲਾਭ ਸਿੰਘ ਨੂੰ ਅੱਜ ਉਨਾਂ ਦੀ ਸੇਵਾ ਮੁਕਤੀ ਤੇ ਭਾਵਪੂਰਤ ਵਿਦਾਇਗੀ ਦਿੱਤੀ ਗਈ। ਜ਼ੂਮ ਐਪ 'ਤੇ ਹੋਏ ਇਸ ਸਮਾਗਮ ਦੌਰਾਨ ਜਿਸ ਰੂਪ ਵਿੱਚ ਭਾਵੁਕ ਹੋਏ ਅਧਿਆਪਕਾਂ ਨੇ ਉਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ, ਤਾਂ ਲਾਭ ਸਿੰਘ ਦਾ ਗੱਚ ਭਰ ਆਇਆ। ਭਾਵੁਕ ਹੁੰਦਿਆਂ ਉਸ ਨੇ ਕਿਹਾ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਸਕੂਲ ਦੀ ਸੇਵਾ ਕਰਦੇ ਰਹਿਣਗੇ।
ਚਾਰ ਅਪ੍ਰੈਲ 1959 ਨੁੰ ਕੁਲਰੀਆਂ ਵਰਗੇ ਪਿੰਡ ਵਿੱਚ ਜਨਮੇ ਲਾਭ ਸਿੰਘ ਨੇ ਕੋਟੜਾ ਕਲਾਂ, ਰਾਮਗੜ ਸ਼ਾਹ ਪੁਰੀਆ ਵਿਖੇ ਕੁੱਝ ਮਹੀਨਿਆਂ ਦੀਆਂ ਸੇਵਾਵਾਂ ਨਿਭਾਉਂਣ ਉਪਰੰਤ ਵਾਪਸ ਆਪਣੇ ਪਿੰਡ ਸਰਕਾਰੀ ਹਾਈ ਸਕੂਲ ਕੁਲਰੀਆਂ ਵਿਖੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਉਸ ਮਗਰੋ ਸਰਕਾਰੀ ਹਾਈ ਸਕੂਲ ਸਕੂਲ ਦਾਤੇਵਾਸ ਵਿਖੇ 3 ਸਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਵਿਖੇ 16 ਸਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਖੇ 19 ਸਾਲ ਸਮੇਤ 39 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਣ ਉਪਰੰਤ ਸੇਵਾ ਮੁਕਤ ਹੋ ਗਏ।
ਲਾਭ ਸਿੰਘ ਦੇ ਤਿੰਨ ਬੇਟਿਆਂ ਵਿੱਚੋਂ ਵੱਡਾ ਬੇਟਾ ਤਰਲੋਕ ਸਿੰਘ ਡਬਲ ਐੱਮ ਏ ਕਰਨ ਉਪਰੰਤ ਬਤੌਰ ਐਸਐਸ ਮਾਸਟਰ ਅਤੇ ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚੋਂ ਐੱਮਏਬੀਐੱਡ ਕਰਨ ਉਪਰੰਤ ਦੋਵੇਂ ਜਿਲਾ ਤਰਨਤਾਰਨ ਵਿਖੇ ਸੇਵਾ ਨਿਭਾਅ ਰਹੇ ਹਨ ਜਦੋ ਕਿ ਸਭ ਤੋਂ ਛੋਟਾ ਲੜਕਾ ਨੀਲ ਧਾਰੀ ਬੀ ਐੱਸ ਸੀ ਐਗਰੀਕਲਚਰ ਕਰ ਰਿਹਾ ਹੈ। ਲਾਭ ਸਿੰਘ ਘੱਟ ਪੜ੍ਹੇ ਹੋਣ ਦੇ ਬਾਵਜੂਦ ਵੀ ਆਂਢ ਗੁਆਂਢ ਦੇ ਬਹੁਤ ਪਰਿਵਾਰਾਂ ਨੂੰ ਬੱਚਿਆਂ ਦੀ ਪੜਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਦੇ ਰਹੇ ਜਿਸਦੀ ਬਦੌਲਤ ਅੱਜ ਪਿੰਡ ਦੇ ਬੱਚੇ ਬੱਚੀਆਂ ਸਿੱਖਿਆ ਸ਼ਫਲਤਾਪੂਤਵਕ ਹਾਸਲ ਕਰ ਰਹੇ ਹਨ। ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਧਰਮਪਤਨੀ ਕਰਮਜੀਤ ਕੌਰ ਨੇ ਸੇਵਾਵਾਂ ਨਿਭਾਉਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ।
ਅੱਜ ਦੇ ਜ਼ੂਮ ਵਿਦਾਇਗੀ ਸਮਾਰੋਹ ਦਾ ਪ੍ਰਬੰਧ ਕਰਨ ਵਾਲੇ ਲੈਕਚਰਾਰ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਲਾਭ ਸਿੰਘ ਵਰਗੇ ਦਰਵੇਸ਼ ਇਨਸਾਨ ਸਿੱਖਿਆ ਸੰਸਥਾਵਾਂ ਲਈ ਵਰਦਾਨ ਸਾਬਤ ਹੁੰਦੇ ਹਨ। ਉਨਾਂ ਦੱਸਿਆ ਕਿ ਦਿਲ ਦਰਿਆ, ਹਸਮੁੱਖ ,ਮਿਹਨਤੀ ਅਤੇ ਸਕੂਲ ਨੂੰ ਸਮਰਪਿਤ ਲਾਭ ਸਿੰਘ ਹਮੇਸ਼ਾਂ ਸਭਨਾਂ ਦੇ ਚੇਤਿਆਂ ਚ ਵਸਿਆ ਰਹੇਗਾ। ਇਸ ਮੌਕੇ ਸਕੂਲ ਦੇ ਅਧਿਆਪਕ ਅਜੇ ਸ਼ਰਮਾ, ਮਨਦੀਪ ਸਿੰਘ, ਅੰਜਨਾ ਰਾਣੀ,ਸਤੀਸ਼ ਗਰਗ,ਲੀਲਾ ਰਾਮ ਸ਼ਰਮਾਂ, ਦੇਸ ਰਾਜ ਸਿੰਘ ,ਦਲਜੀਤ ਕੌਰ,ਰਿਤੂ ਰਾਜ,ਟੀਨੂੰ ਰਾਏ ਗਰਗ,ਪਰਮਿੰਦਰ ਕਟੌਦੀਆਂ,ਮੀਨਾ ਰਾਣੀ,ਰਜਨੀ ਰਾਣੀ ਅਤੇ ਹੋਰ ਸਟਾਫ ਨੇ ਲਾਭ ਸਿੰਘ ਦੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਤੇ ਸਿੱਖਿਆ ਵਿਭਾਗ ਨੂੰ ਹਮੇਸ਼ਾ ਮਾਣ ਰਹੇਗਾ। ਉਨਾਂ ਇਸ ਗੱਲ ਤੇ ਤਸੱਲੀ ਜ਼ਾਹਿਰ ਕੀਤੀ ਕਿ ਨਾ ਮਾਤਰ ਪੜਾਈ ਕਰਨ ਵਾਲੇ ਲਾਭ ਸਿੰਘ ਨੇ ਨਾ ਸਿਰਫ ਉਚ ਯੋਗਤਾ ਪ੍ਰਾਪਤ ਅਪਣੇ ਦੋ ਪੁੱਤਰ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੇ ਰੂਪ ਚ ਦਿੱਤੇ । ਹਨ। ਸਕੂਲ ਦੇ ਪਿ੍ਰੰਸੀਪਲ ਜਿੱਤਵੇਸ਼ ਕੁਮਾਰ ਨੇ ਕਿਹਾ ਕਿ ਬੇਸ਼ੱਕ ਉਹ ਥੋੜਾ ਸਮਾਂ ਉਸ ਨਾਲ ਬਿਤਾ ਸਕੇ, ਪਰ ਫਿਰ ਈ ਇਸ ਨੇਕ ਦਿਲ ਇਨਸਾਨ ਦੀਆਂ ਯਾਦਾਂ ਉਨਾਂ ਨਾਲ ਬਣੀਆਂ ਰਹਿਣਗੀਆਂ।