ਪਰਵਿੰਦਰ ਸਿੰਘ ਕੰਧਾਰੀ
- ਸਿਹਤ ਵਿਭਾਗ ਵੱਲੋਂ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਦੀ ਕੀਤੀ ਜਾ ਰਹੀ ਹੈ ਸੈਪਲਿੰਗ ਅਤੇ ਟੈਸਟਿੰਗ
- ਜ਼ਿਲ੍ਹੇ ਵਿਚ 121 ਯਾਤਰੀ ਹਜ਼ੂਰ ਸਾਹਿਬ,644 ਹੋਰ ਲੋਕ ਵੱਖ ਵੱਖ ਸੂਬਿਆਂ ਤੋਂ ਵਾਪਸ ਪਰਤੇ
ਫਰੀਦਕੋਟ, 30 ਅਪ੍ਰੈਲ 2020 - ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸ੍ਰੀ ਹਜ਼ੂਰ ਸਾਹਿਬ ਨਾਦੇੜ(ਮਹਾਰਾਸ਼ਟਰ) ਵਿਖੇ ਫਸੇ ਜ਼ਿਲ੍ਹੇ ਦੇ 121 ਯਾਤਰੀ ਸਰਕਾਰੀ ਬੱਸਾਂ ਜਾਂ ਆਪਣੇ ਸਾਧਨਾਂ ਰਾਹੀਂ ਫਰੀਦਕੋਟ ਪੁੱਜ ਚੁੱਕੇ ਹਨ। ਜਿਨ੍ਹਾਂ ਨੂੰ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਪਰੋਕਤ ਸਾਰੇ ਯਾਤਰੀਆਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਅੱਗੇ ਦੱਸਿਆ ਕਿ ਰਾਜਸਥਾਨ,ਹਰਿਆਣਾ, ਮੱਧ ਪ੍ਰਦੇਸ਼ ਸਮੇਤ ਹੋਰ ਕਈ ਸੂਬਿਆਂ ਤੋਂ ਵੀ ਲੇਬਰ,ਕੰਬਾਈਨਾਂ ਵਾਲੇ ਜਾਂ ਹੋਰ ਲੋਕ ਜਿਨ੍ਹਾਂ ਦੀ ਗਿਣਤੀ 644 ਹੈ ਉਹ ਵੀ ਪੰਜਾਬ ਸਰਕਾਰ ਦੀਆਂ ਬੱਸਾਂ ਜਾਂ ਆਪਣੇ ਸਾਧਨਾਂ ਰਾਹੀਂ ਜਿਲ੍ਹੇ ਵਿਚ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ ਨੂੰ ਵੀ ਜ਼ਿਲ੍ਹੇ ਵਿਚ ਸਥਾਪਿਤ ਵੱਖ ਵੱਖ ਇਕਾਂਤਵਾਸ ਕੇਂਦਰਾਂ ਵਿਚ ਰੱਖ ਕੇ ਇਨ੍ਹਾਂ ਦੀ ਸੈਪਲਿੰਗ, ਟੈਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਪਰਤਣ ਵਾਲੇ 42 ਯਾਤਰੀਆਂ ਨੂੰ ਦਿੱਲੀ ਇੰਟਰਨੈਸ਼ਨਲ ਸਕੂਲ ਫਰੀਦਕੋਟ ਵਿਖੇ ਇਕਾਂਤਵਾਸ ਕੀਤਾ ਗਿਆ ਹੈ।
ਇਸੇ ਤਰ੍ਹਾਂ 44 ਯਾਤਰੀ ਸਰਕਾਰੀ ਪੋਲੀਟੈਕਨੀਕਲ ਕਾਲਜ ਕੋਟਕਪੂਰਾ ਅਤੇ 18 ਯਾਤਰੀ ਸਰਕਾਰੀ ਸਕੂਲ ਸੰਧਵਾਂ ਵਿਖੇ ਇਕਾਂਤਵਾਸ ਕੀਤੇ ਗਏ ਹਨ। ਇਸੇ ਤਰ੍ਹਾਂ ਸੀ ਐਚ ਸੀ ਜੈਤੋ ਵਿਖੇ 17 ਯਾਤਰੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਦੂਜੇ ਸੂਬਿਆਂ ਵਿਚੋਂ ਆਉਣ ਵਾਲੀ ਲੇਬਰ ਤੇ ਹੋਰ ਲੋਕਾਂ ਨੂੰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਵੱਖ ਵੱਖ ਇਕਾਂਤਵਾਸ ਕੇਂਦਰਾਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਦੂਜੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ ਇਨ੍ਹਾਂ ਇਕਾਂਤਵਾਸ ਕੇਂਦਰਾਂ ਵਿਚ ਖਾਣੇ,ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਸੰਧਵਾ ਨਾਲ ਸਬੰਧਤ ਹਜ਼ੂਰ ਸਾਹਿਬ ਤੋਂ ਆਪਣੇ ਸਾਧਨਾਂ ਰਾਹੀਂ ਆਏ ਵਿਅਕਤੀਆਂ ਵਿਚੋਂ 3 ਦੀ ਰਿਪੋਰਟ ਕਰੋਨਾ ਪਾਜਿਟਿਵ ਆਈ ਹੈ ਜਿਨ੍ਹਾਂ ਦਾ ਇਥੋ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਦਿਨ ਇਕਾਂਤਵਾਸ ਵਿਚ ਰੱਖਿਆ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਤੇ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਘਰਾਂ ਵਿਚ ਰਹਿਣ ਤਾਂ ਜ਼ੋ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।