ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2020 - ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਭੁਪਿੰਦਰ ਸਾਂਬਰ, ਜਰਨਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੂਬਾ ਸਕੱਤਰ ਕਲਵੰਤ ਸਿੰਘ ਪਟਿਆਲਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਸ਼ਵਰੇ ਉਪਰੰਤ ਝੋਨੇ ਦੀ ਬਿਜਾਈ ਦੀ ਤਰੀਕ 1 ਜੂਨ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਵੱਲੋਂ ਲਏ ਫੈਸਲਿਆਂ ਨੂੰ ਜਾਰੀ ਕਰਦਿਆ ਸੂਬਾ ਵਰਕਿੰਗ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਝੋਨੇ ਦੀ ਲਵਾਈ ਦੇ ਆ ਰਹੇ ਸੀਜਨ ਵਿੱਚ ਕੋਰੋਨਾ ਵਰਗੀ ਭਿਆਨਕ ਬਿਮਾਰੀ ਕਾਰਨ ਦੂਜੇ ਰਾਜਾਂ ਤੋਂ ਝੋਨੇ ਦੀ ਲਵਾਈ ਲਈ ਮਜਦੂਰਾਂ ਦੇ ਪੰਜਾਬ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਾਰਨ ਝੋਨੇ ਦੀ ਲਵਾਈ ਪਛੜ ਜਾਵੇਗੀ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦੀ ਲਵਾਈ ਦੀ ਮਿੱਥੀ ਤਰੀਕ 20 ਜੂਨ ਦੀ ਬਜਾਏ 1 ਜੂਨ ਕੀਤੀ ਜਾਵੇ ਤਾਂ ਕਿ ਫਸਲ ਦੀ ਲਵਾਈ ਸਮੇਂ ਸਿਰ ਹੋ ਸਕੇ।
ਉਨ੍ਹਾਂ ਆਖਿਆ ਕਿ ਮਜਦੂਰਾਂ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾਵੇ। ਜਿਸ ਲਈ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਮੋਟਰਾਂ ਲਈ ਬਿਜਲੀ ਦੀ ਸਪਲਾਈ 1 ਮਈ ਤੋਂ ਸੁਰੂ ਕੀਤੀ ਜਾਵੇ ਅਤੇ ਝੋਨਾ ਬਜਾਈ ਲਈ ਵੱਧ ਤੋਂ ਵੱਧ ਮਸ਼ੀਨਾਂ ਸਹਿਕਾਰੀ ਸੁਸਾਇਟੀਆਂ ਉੱਪਰ ਉਪਲਬਧ ਕਰਵਾਈਆ ਜਾਣ। ਉਨਾਂ ਕਿਹਾ ਕਿ ਝੋਨੇ ਦੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਸੰਬੰਧੀ ਕੇਂਦਰੀ ਟ੍ਰਬਿਊਨਲ ਦੀਆਂ ਸਿਫਾਰਸਾਂ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਖੇਤੀ ਅੰਦਰ ਪੂਰੀ ਤਰ੍ਹਾਂ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰੇ ਜਿਸ ਵਾਸਤੇ ਸਬਜ਼ੀਆਂ ,ਫਲਾਂ ਅਤੇ ਦੂਜੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਖਰੀਦ ਅਤੇ ਉਹਨਾਂ ਦਾ ਪੂਰਾ ਮੁੱਲ ਯਕੀਨੀ ਬਣਾਇਆ ਜਾਵੇ ।
ਉਹਨਾਂ ਮੰਗ ਕੀਤੀ ਕਿ ਪੂਰੇ ਹਾੜੀ ਦੇ ਸੀਜਨ ਦੌਰਾਨ ਮੀਂਹ ,ਗੜੇ ਮਾਰੀ ਅਤੇ ਝਖੜਾਂ ਨਾਲ ਕਣਕ,ਸਬਜੀਆਂ ਅਤੇ ਦੂਜੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜਾ ਦਿੱਤਾ ਜਾਵੇ। ਕਣਕ ਦੀ ਖਰੀਦ ਵਿੱਚ ਆ ਰਹੀ ਬਾਰਦਾਨੇ ਦੀ ਘਾਟ ਨੂੰ ਦੂਰ ਕੀਤਾ ਜਾਵੇ ਅਤੇ ਮੰਡੀਆਂ ਵਿੱਚੋਂ ਖਰੀਦੀ ਹੋਈ ਕਣਕ ਦੀ ਚੁਕਾਈ ਤੇਜ ਕੀਤੀ ਜਾਵੇ ਤਾਂ ਕਿ ਕਿਸਾਨ ਘਰਾਂ ਵਿੱਚ ਪਈ ਹੋਈ ਕਣਕ ਜਲਦੀ ਮੰਡੀ ਵਿੱਚ ਲਿਆ ਸਕਣ। ਅੰਤ ਵਿੱਚ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਅਤੇ ਖੇਤਾਂ ਵਿੱਚ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾ ਲਈ ਸਿਹਤ ਅਧਿਕਾਰੀਆਂ ਦੇ ਸੁਝਾਵਾਂ ਦਾ ਪੂਰਾ ਧਿਆਨ ਰੱਖਣ ਤਾਂ ਕਿ ਕਿਸੇ ਵੀ ਮਨੁੱਖੀ ਜਿੰਦਗੀ ਦੇ ਨੁਕਸਾਨ ਤੋਂ ਬਚਿਆ ਜਾ ਸਕੇ।