ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਨੇਕਾਂ ਚੁਣੌਤੀਆਂ ਦੇ ਬਾਵਜ਼ੂਦ ਅਧਿਆਪਕ ਬੱਚਿਆਂ ਨੂੰ ਘਰ ਬੈਠੇ ਆਨਲਾਈਨ ਸਿੱਖਿਆ ਦੇਣ ਦੇ ਯਤਨਾਂ ’ਚ ਲੱਗੇ ਹੋਏ ਹਨ। ਇਸ ਕੰਮ ਲਈ ਜੂਮ ਐਪ, ਵਟਸ ਐਪ ਰਾਹੀਂ ਬੱਚਿਆਂ ਨੂੰ ਪੀ.ਡੀ.ਐਫ. ਫਾਇਲਾਂ ਭੇਜ ਕੇ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂ-ਬ-ਰੂ ਹੋਇਆ ਜਾ ਰਿਹਾ ਹੈ ਅਤੇ ਯੂ-ਟਿਊਬ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਜ਼ਿਲਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ, ਸਮਾਰਟ ਸਕੂਲ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ ਅਤੇ ਪੜੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਰਣਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਵੇਲੇ ਸਰਕਾਰੀ ਪ੍ਰਾਇਮਰੀ ਸਕੂਲ ਤਿਉਣਾ ਪੁਜਾਰੀਆਂ ਦੇ ਈ.ਟੀ ਟੀ. ਅਧਿਆਪਕ ਗੁਰਸੇਵਕ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਦੀ ਈ.ਟੀ.ਟੀ. ਅਧਿਆਪਕਾ ਅਮਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਐਨ.ਐਫ.ਐਲ ਕਲੋਨੀ ਦੀ ਈ.ਟੀ.ਟੀ. ਅਧਿਆਪਕਾ ਰੁਪਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਕਲਾਂ ਦੇ ਈ.ਟੀ.ਟੀ.ਅਧਿਆਪਕ ਸੁਖਪਾਲ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕਾਹਨ ਸਿੰਘ ਵਾਲਾ ਦੇ ਈ.ਟੀ.ਟੀ. ਅਧਿਆਪਕ ਗੁਰਜੰਟ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫੂਸ ਮੰਡੀ ਦੀ ਈ.ਟੀ.ਟੀ. ਅਧਿਆਪਕਾ ਮਨਿੰਦਰ ਕੌਰ ਬੱਚਿਆ ਨੂੰ ਕੰਮ ਦੇ ਰਹੇ ਹਨ ਅਤੇ ਬੱਚਿਆ ਵੱਲੋਂ ਵੀ ਕੰਮ ਕਰਕੇ ਅਧਿਆਪਕਾ ਨੂੰ ਭੇਜਿਆ ਜਾ ਰਿਹਾ ਹੈ।
ਉੱਪ ਜ਼ਿਲਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਖਾਈ ਜਾ ਰਹੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਵਿਸੇਸ ਲਾਹੇਵੰਦ ਸਾਬਤ ਹੋਵੇਗੀ। ਉਨਾਂ ਦਾ ਮੰਨਣਾ ਹੈ ਕਿ ਬੇਸ਼ੱਕ ਸਾਰੇ ਬੱਚਿਆਂ ਲਈ ਸਮਾਰਟ ਫੋਨ ਦੀ ਦਿੱਕਤ ਹੋ ਸਕਦੀ ਹੈ ਪਰ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਅਧਿਆਪਕ ਵੱਲੋ ਇਹ ਜਬਰੀ ਆਨਲਾਈਨ ਸਿੱਖਿਆ ਲਈ ਮਜਬੂਰ ਨਹੀ ਕੀਤਾ ਜਾ ਰਿਹਾ, ਸਗੋਂ ਜਿੰਨੇ ਕੁ ਸਾਧਨ ਹਨ, ਉਸ ਨਾਲ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ।