ਹਰਿੰਦਰ ਨਿੱਕਾ
ਸੰਗਰੂਰ, 30 ਅਪ੍ਰੈਲ 2020 - ਸੰਗਰੂਰ ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਤਾਇਨਾਤੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਜ਼ਿਲਾ ਵਿਚ ਦਾਖਲ ਹੋਣ ਤੋਂ ਪਹਿਲਾਂ ਇਨ੍ਹਾਂ ਚੈਕ ਪੋਸਟਾਂ ਤੇ ਲਏ ਗਏ ਦੋ ਵਿਅਕਤੀਆਂ ਦੇ ਨਮੂਨੇ ਕੋਵਿਡ -19 ਪਾਜ਼ੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ 'ਤੇ ਕਰੀਬ 13 ਚੈਕ ਪੋਸਟ ਲਗਾਏ ਗਏ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਕ ਸ਼ਰਧਾਲੂ ਪਰਿਵਾਰ ਜੋ ਕਿ ਇਕ ਨਿੱਜੀ ਟੈਕਸੀ ਵਿਚ ਹਜ਼ੂਰ ਸਾਹਿਬ ਨਾਂਦੇੜ ਤੋਂ ਘਰ ਪਰਤ ਰਿਹਾ ਸੀ।ਇਸ ਪਰਿਵਾਰ ਦੇ ਨਮੂਨੇ 27 ਅਪ੍ਰੈਲ ਨੂੰ ਨਾਭਾ-ਮਲੇਰਕੋਟਲਾ ਰੋਡ 'ਤੇ ਬਾਗੜੀਆਂ ਵਿਖੇ ਲਗਾਏ ਨਾਕੇ ਤੇ ਲਏ ਗਏ ਸਨ। ਇਸ ਪਰਿਵਾਰ ਦਾ ਇਕ 50 ਸਾਲਾ ਪੁਰਸ਼ ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਨੂੰ ਕਿ ਬਾਅਦ ਵਿੱਚ ਸਿਵਲ ਹਸਪਤਾਲ ਸੰਗਰੂਰ ਤਬਦੀਲ ਕਰ ਦਿੱਤਾ ਗਿਆ ਜਦੋਂਕਿ ਉਸਦੀ ਪਤਨੀ ਦਾ ਨਤੀਜਾ ਨੈਗੇਟਿਵ ਆਉਣ ਤੇ 21 ਦਿਨਾਂ ਲਈ ਘਰੇ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ 39 ਸਾਲਾ ਹਾਰਵੈਸਟਰ ਕੰਬਾਈਨ ਮਾਲਕ ਕੈਥਲ ਤੋਂ ਕੰਬਾਈਨ ਲੈ ਕੇ ਵਾਪਸ ਪਰਤ ਰਿਹਾ ਸੀ ਅਤੇ ਉਸ ਦੇ ਨਮੂਨੇ ਉਸੇ ਚੈਕ ਪੋਸਟ 'ਤੇ ਲਏ ਗਏ ਸਨ। ਬਾਅਦ ਵਿਚ ਇਸ ਵਿਅਕਤੀ ਦਾ ਵੀ ਸੈਂਪਲ ਪਾਜ਼ੇਟਿਵ ਆਉਣ ਤੋਂ ਬਾਅਦ, ਸੰਸਥਾਗਤ ਕੁਆਰੰਟੀਨ ਵਿਖੇ ਭੇਜ ਦਿੱਤਾ ਗਿਆ। ਸ੍ਰੀ ਥੋਰੀ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਸੰਪਰਕ ਟਰੇਸਿੰਗ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਐਂਟਰੀ ਪੁੰਆਇੰਟ 'ਤੇ ਟੈਸਟ ਨਾ ਕਰਵਾਇਆ ਹੁੰਦਾ ਤਾਂ ਦੋਵੇਂ ਕੇਸ ਕਮਿਊਨਿਟੀ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਸਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੰਟੇਨਮੈਂਟ ਜ਼ੋਨ ਤੋਂ ਵਾਪਸ ਪਰਤਣ ਤੇ ਸਵੈ-ਇੱਛਾ ਨਾਲ ਆਪਣੀ ਜਾਣਕਾਰੀ ਸਮੇਂ ਸਿਰ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-232304 'ਤੇ ਦੇਣ।
ਸ੍ਰੀ ਘਨਸ਼ਿਆਮ ਥੋਰੀ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਸ਼ਰਧਾਲੂ ਜੋ ਕਿ ਹਜ਼ੂਰ ਸਾਹਿਬ, ਨੰਦੇੜ ਤੋਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਬੱਸ ਵਿੱਚ ਵਾਪਸ ਆਇਆ ਹੈ,ਇਸ ਵਿਅਕਤੀ ਦਾ ਬੁੱਧਵਾਰ ਨੂੰ ਟੈਸਟ ਪਾਜ਼ੇਟਿਵ ਆਇਆ ਹੈ । ਉਨ੍ਹਾਂ ਕਿਹਾ ਕਿ ਹੁਣ ਸੰਗਰੂਰ ਵਿੱਚ 3 ਐਕਟਿਵ ਕੇਸ ਹਨ, ਹਾਲਾਂਕਿ ਪਹਿਲਾਂ ਵਾਲੇ ਤਿੰਨ ਕੇਸ ਠੀਕ ਹੋ ਗਏ ਸਨ।