ਚੰਡੀਗੜ੍ਹ, 30 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆ 5 ਮਈ, 2020 ਨੂੰ ਸ਼ੁਰੂ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਐਸ.ਓ.ਪੀਜ਼ ਅਨੁਸਾਰ ਇਹ ਪੱਤਰ ਪ੍ਰਾਪਤ ਹੋਣ ਦੇ 48 ਘੰਟਿਆਂ ਦੇ ਅੰਦਰ ਹਰੇਕ ਡੀ.ਸੀ. ਹਰ ਉਸ ਵਿਅਕਤੀ ਜੋ ਆਪਣੇ ਪਿਤਰੀ ਰਾਜ ਵਾਪਸ ਜਾਣਾ ਚਾਹੁੰਦਾ ਹੈ ਪਾਸੋਂ ਭਰਿਆ ਹੋਇਆ ਪ੍ਰੋਫਾਰਮਾ ਲੈਣਗੇ। ਇਹ ਪ੍ਰੋਫਾਰਮਾ www.covidhelp.punjab.gov.in.'ਤੇ ਉਪਲੱਬਧ ਹੈ।
ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ / ਸਮੂਹ ਲਈ ਲਿੰਕ 'ਤੇ ਪ੍ਰੋਫਾਰਮਾ ਭਰਦਾ ਹੈ ਤਾਂ ਉਸਨੂੰ ਪੂਰੇ ਪਰਿਵਾਰ / ਸਮੂਹ ਲਈ ਇੱਕ ਸਿਸਟਮ ਦੁਆਰਾ ਜਨਰੇਟ ਆਈ.ਡੀ. ਮਿਲੇਗੀ। ਸਾਰੇ ਜ਼ਿਲਿ•ਆਂ ਨੂੰ ਆਪਣੇ ਪਿਤਰੀ ਰਾਜ ਜਾਣ ਦੇ ਇਛੁੱਕ ਵਿਅਕਤੀਆਂ ਦੁਆਰਾ ਦਿੱਤੇ ਹੋਏ ਲਿੰਕ 'ਤੇ ਮੁਕੰਮਲ ਜਾਣਕਾਰੀ 03-05-2020 ਨੂੰ ਸਵੇਰੇ 09:00 ਵਜੇ ਤੱਕ ਪ੍ਰਾਪਤ ਕਰਨੀ ਹੋਵੇਗੀ।
ਡਾ. ਸੁਮਿਤ ਜਾਰੰਗਲ (ਆਈ.ਏ.ਐੱਸ) ਮੈਂਬਰ, ਸਟੇਟ ਕੋਵਿਡ ਕੰਟਰੋਲ ਰੂਮ ਵੱਲੋਂ ਅਗਲੇ ਦਿਨਾਂ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲਿੰਕ ਦਾ ਅਕਸੈਸ ਉਪਲਬਧ ਕਰਵਾ ਦੇਣਗੇ ਅਤੇ ਇਸ ਲਈ 3 ਮਈ, 2020 ਨੂੰ ਸਵੇਰੇ 9 ਵਜੇ ਡੀ.ਸੀਜ਼ ਡਾਟਾਬੇਸ ਅਕਸੈਸ ਕਰ ਸਕਣਗੇ ਅਤੇ ਆਪਣੇ ਆਪਣੇ ਜ਼ਿਲ੍ਹੇ ਦੇ ਵੇਰਵੇ ਵੇਖ ਸਕਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਜਦੋਂ ਡਾਟਾ ਇਕੱਤਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਡਿਪਟੀ ਕਮਿਸ਼ਨਰਜ਼ ਆਪਣੇ ਪਿਤਰੀ ਰਾਜ ਵਾਪਸ ਜਾਣ ਦੇ ਇੱਛੁੱਕ ਵਿਅਕਤੀਆਂ ਦੀ ਸਿਹਤ ਦੀ ਜਾਂਚ ਲਈ ਹੈਲਥ ਚੈਕਅੱਪ ਕੈਂਪ ਲਗਾਉਣ ਦੀ ਤਿਆਰੀ ਕਰਨਗੇ। ਹਰੇਕ ਵਿਅਕਤੀ ਨੂੰ ਜਾਂਚ ਦੀ ਮਿਤੀ ਅਤੇ ਕੈਂਪ ਵਾਲੀ ਥਾਂ ਜਿੱਥੇ ਉਸਦੀ ਸਕਰੀਨਿੰਗ ਹੋਣੀ ਹੈ ਬਾਰੇ ਐਸ.ਐਮ.ਐਸ. ਜ਼ਰੀਏ ਸੂਚਿਤ ਕੀਤਾ ਜਾਵੇਗਾ। ਇੱਕ ਕੈਂਪ ਵਿੱਚ ਇਕੋ ਪਰਿਵਾਰ ਦੇ ਮੈਂਬਰਾਂ/ਸਮੂਹ ਦੀ ਸਕਰੀਨਿੰਗ ਕੀਤੀ ਜਾਵੇਗੀ। ਸਕ੍ਰੀਨਿੰਗ 04-05-2020 ਦੀ ਰਾਤ ਰਾਤ ਤੱਕ ਪੂਰੀ ਕਰ ਲਈ ਜਾਵੇਗੀ।
ਇੱਕ ਵਾਰ ਜਦੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਸਨੂੰ ਸਿਹਤ ਟੀਮ ਦੁਆਰਾ ਐਫ ਦੇ ਰੂਪ ਵਿੱਚ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਅਕਤੀਆਂ ਦੀ ਵਾਪਸੀ ਸਬੰਧੀ ਆਵਾਜਾਈ 5 ਮਈ, 2020 ਤੋਂ ਸ਼ੁਰੂ ਹੋਵੇਗੀ। ਬੱਸਾਂ ਜਾਂ ਆਵਾਜਾਈ ਦੇ ਹੋਰ ਸਾਧਨ ਜੋ ਇਨ੍ਹਾਂ ਵਿਅਕਤੀਆਂ ਨੂੰ ਲਿਜਾਣ ਲਈ ਜਾਣਗੇ, ਦੀ ਗਿਣਤੀ ਅਤੇ ਹੋਰ ਵੇਰਵੇ ਡੀਸੀਜ਼ ਨਾਲ ਵੱਖਰੇ ਤੌਰ 'ਤੇ ਸਾਂਝੇ ਕੀਤੇ ਜਾਣਗੇ। ਡੀਸੀਜ਼ ਅਜਿਹੀਆਂ ਟੀਮਾਂ ਬਣਾਉਣਗੇ ਜੋ ਲਿੰਕ www.covidhelp.punjab.gov.in 'ਤੇ ਜਾ ਕੇ ਪੰਜਾਬ 'ਚੋਂ ਵਾਪਸ ਆਪਣੇ ਪਿਤਰੀ ਰਾਜ ਜਾਣ ਵਾਲੇ ਹਰੇਕ ਸਮੂਹ / ਪਰਿਵਾਰ ਦੀ ਆਈ.ਡੀ ਦਰਜ ਕਰਨਗੇ।