ਫਿਰੋਜ਼ਪੁਰ 1 ਮਈ : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਬਹਾਦਰ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਚੋਰੀ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਅਲੀ ਕੇ ਰੋਡ ਸਿਟੀ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਗਾਇਆ ਕਿ ਉਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਬਹਾਦਰ ਵਾਲਾ ਵਿਖੇ ਬਤੌਰ ਗ੍ਰੰਥੀ ਸੇਵਾ ਕਰਦਾ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 29-30 ਅਪ੍ਰੈਲ 2020 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ ਕਿਸੇ ਡੁਪਲੀਕੇਟ ਚਾਬੀ ਨਾਲ ਖੋਲ੍ਹ ਕੇ ਗੁਰਦੁਆਰਾ ਸਾਹਿਬ ਅੰਦਰੋਂ ਇਕ ਐੱਲਸੀਡੀ ਮਾਰਕਾ ਸੈਮਸੰਗ ਤੇ ਇਕ ਇਨਵਰਟਰ ਸਮੇਤ ਬੈਟਰਾ, ਇਕ ਵੱਡੀ ਸਿਰੀ ਸਾਹਿਬ (ਕ੍ਰਿਪਾਨ) ਤੇ ਗੁਰਦੁਆਰਾ ਵਿਚ ਲੱਗੇ ਕੈਮਰੇ ਚੋਰੀ ਕਰਕੇ ਲੈ ਗਏ ਹਨ। ਗੁਰਪ੍ਰੀਤ ਸਿੰਘ ਨੇ ਦੱÎਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 48 ਹਜ਼ਾਰ ਰੁਪਏ ਬਣਦੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ 457, 380 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।