ਫਿਰੋਜ਼ਪੁਰ, 1 ਮਈ 2020 - ਬਿਜਲੀ ਕਰਮਚਾਰੀ ਯੂਨੀਅਨ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਕੈਂਟ ਨੰਬਰ 1 ਫਿਰੋਜ਼ਪੁਰ, ਸ਼ਹਿਰੀ ਸਬ ਡਵੀਜ਼ਨ ਫਿਰੋਜ਼ਪੁਰ, ਝੋਕ ਹਰੀਹਰ, ਝੋਕ ਟਹਿਲ ਸਿੰਘ, ਸ਼ੇਰਖਾਂ, ਮੁੱਦਕੀ, ਫਿਰੋਜ਼ਸ਼ਾਹ ਅਤੇ ਸਰਕਲ ਦਫਤਰ ਫਿਰੋਜ਼ਪੁਰ ਵਿਖੇ ਝੰਡਾ ਚੜਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ। ਮੁਲਾਜ਼ਮ ਆਗੂ ਗੁਰਦਿੱਤ ਸਿੰਘ ਸਿੱਧੂ, ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਦਿਲਬਾਗ ਸਿੰਘ, ਰਾਜੇਸ਼ ਕਪੂਰ, ਅਮਲੋਕ ਸਿੰਘ, ਰਾਜੇਸ਼ ਦੱਤਾ, ਰਾਕੇਸ਼ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਕਮ ਸਰਕਾਰਾਂ ਮੁਲਾਜ਼ਮਾਂ ਦੇ ਹੱਕ ਖੋ ਰਹੀਆਂ ਹਨ, ਡੀਏ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁਲਾਜ਼ਮਾਂ ਨੂੰ 6ਵਾਂ ਪੇ ਸਕੇਲ ਨਹੀਂ ਦਿੱਤਾ ਜਾ ਰਿਹਾ ਅਤੇ ਕਈ ਮਹਿਕਮਿਆਂ ਨੂੰ ਤਾਂ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਕੋਵਿਡ 19 ਨੂੰ ਧਿਆਨ ਵਿਚ ਰੱਖਦੇ ਹੋਏ ਬਿਜਲੀ ਕਰਮਚਾਰੀ 24 ਘੰਟੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਅਤੇ ਕਰਮਚਾਰੀਆਂ ਨੂੰ ਕੋਵਿਡ 19 ਨਾਲ ਲੜਨ ਲਈ ਬਣਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਅਤੇ ਬਿਜਲੀ ਕਰਮਚਾਰੀਆਂ ਦਾ 50 ਲੱਖ ਦਾ ਘੱਟ ਤੋਂ ਘੱਟ ਬੀਮਾ ਕੀਤਾ ਜਾਵੇ।