- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਬੰਧਕਾਂ ਨੇ ਉਰਸ ਨਾ ਮਨਾਉਣ ਸਬੰਧੀ ਪ੍ਰਸ਼ਾਸਨ ਨੂੰ ਦਿਤੀ ਲਿਖਤੀ ਸਹਿਮਤੀ
ਮਲੇਰਕੋਟਲਾ, 1 ਮਈ 2020 - ਬਾਬਾ ਹੈਦਰ ਸ਼ੇਖ ਦੀ ਦਰਗਾਹ ਉਪਰ 7 ਮਈ ਨੂੰ ਮਨਾਏ ਜਾਣ ਵਾਲੇ ਸਾਲਾਨਾ ਉਰਸ ਸਬੰਧੀ ਇਕ ਜ਼ਰੂਰੀ ਮੀਟਿੰਗ ਅੱਜ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਵਿਚ ਹੋਈ। ਮੀਟਿੰਗ ਵਿਚ ਹਾਜ਼ਰ ਆਏ ਬਾਬਾ ਹੈਦਰ ਸ਼ੇਖ ਦਰਗਾਹ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਤੌੌਰ 'ਤੇ ਭਰੋਸਾ ਦਿੱਤਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਦਰਗਾਹ ਉਪਰ ਹਰ ਸਾਲ ਦੀ ਤਰ੍ਹਾਂ 7 ਮਈ, 2020 ਦਿਨ ਵੀਰਵਾਰ ਨੂੰ ਮਨਾਇਆ ਜਾਣ ਵਾਲਾ ਸਾਲਾਨਾ ਉਰਸ ਇਸ ਸਾਲ ਨਹੀਂ ਮਨਾਇਆ ਜਾਵੇਗਾ।
ਮੀਟਿੰਗ ਵਿਚ ਸ੍ਰੀ ਸੁਮਿਤ ਸੂਦ, ਉਪ ਕਪਤਾਨ ਪੁਲਿਸ, ਮਲੇਰਕੋਟਲਾ, ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਹਰਜਿੰਦਰ ਸਿੰਘ, ਐਸ.ਐਚ.ਓ. ਸਿਟੀ-1, ਦੀਪਇੰਦਰ ਸਿੰਘ, ਐਸ.ਐਚ.ਓ. ਸਿਟੀ-2, ਸ੍ਰੀ ਹਰਿੰਦਰ ਸਿੰਘ, ਐਸ.ਡੀ.ਓ., ਪੀ.ਐਸ.ਪੀ.ਸੀ.ਐਲ., ਜਗਤਾਰ ਸਿੰਘ, ਜੇ.ਈ., ਪੀ.ਡਬਲਿਊ.ਡੀ. ਮਲੇਰਕੋਟਲਾ ਅਤੇ ਜ਼ਸਵੀਰ ਸਿੰਘ, ਸੁਪਰਡੰਟ, ਐਸ.ਡੀ.ਐਮ. ਦਫਤਰ ਮਲੇਰਕੋਟਲਾ ਵੀ ਮੌੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਦੱਸਿਆ ਕਿ ਸਥਾਨਕ ਸ਼ਹਿਰ ਵਿਚ ਸਥਿਤ ਬਾਬਾ ਹੈਦਰ ਸ਼ੇਖ ਦੀ ਦਰਗਾਹ ਉਪਰ ਹਰ ਵੀਰਵਾਰ ਵੱਡੀ ਗਿਣਤੀ ਵਿਚ ਸ਼ਰਧਾਲੂ ਦੂਰੋੋਂ ਨੇੜਿਉਂ ਮੱਥਾ ਟੇਕਣ ਲਈ ਆਉਂਦੇ ਹਨ। 7 ਮਈ ਦਿਨ ਵੀਰਵਾਰ ਨੂੰ ਬਾਬਾ ਹੈਦਰ ਸ਼ੇਖ ਦੀ ਦਰਗਾਹ ਉਪਰ ਸਾਲਾਨਾ ਉਰਸ ਮਨਾਇਆ ਜਾਣਾ ਸੀ ਪਰੰਤੂ ਕੋੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਜ਼ਿਲ੍ਹਾ ਸੰਗਰੂਰ ਵਿਚ ਲਗਾਏ ਗਏ ਮੁਕੰਮਲ ਕਰਫਿਊ ਕਾਰਨ ਹਰ ਤਰ੍ਹਾਂ ਦੇ ਧਾਰਮਿਕ, ਰਾਜਨੀਤਕ ਅਤੇ ਜਨਤਕ ਪ੍ਰੋਗਰਾਮਾਂ ਉਪਰ ਪਾਬੰਦੀ ਲਗਾਈ ਗਈ ਹੈ।
ਪਾਂਥੇ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਵਿਚ ਅੱਜ ਬਾਬਾ ਹੈਦਰ ਸ਼ੇਖ ਦੀ ਦਰਗਾਹ ਦੇ ਮੁੱਖ ਪ੍ਰਬੰਧਕਾਂ ਸਾਕਿਬ ਅਲੀ ਖਾਨ ਅਤੇ ਸਾਕਿਬ ਅਲੀ ਰਾਜਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਦਰਗਾਹ ਦੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਸਾਲ ਸਾਲਾਨਾ ਉਰਸ ਨਹੀਂ ਮਨਾਉਣਗੇ ਅਤੇ ਦਰਗਾਹ ਨੂੰ ਆਮ ਸ਼ਰਧਾਲੂਆਂ ਲਈ ਮੁਕੰਮਲ ਤੌੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਕਿਬ ਅਲੀ ਰਾਜਾ ਅਤੇ ਸਾਕਿਬ ਅਲੀ ਖਾਨ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਦਰਗਾਹ ਨੂੰ ਆਮ ਸ਼ਰਧਾਲੂਆਂ ਲਈ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਸਾਕਿਬ ਅਲੀ ਰਾਜਾ ਅਤੇ ਸਾਕਿਬ ਅਲੀ ਖਾਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਮਿਤੀ 7 ਮਈ ਨੂੰ ਸਾਲਾਨਾ ਉਰਸ ਨਹੀਂ ਮਨਾਇਆ ਜਾਵੇਗਾ, ਇਸ ਲਈ ਕੋਈ ਵੀ ਸ਼ਰਧਾਲੂ ਦਰਗਾਹ ਤੇ ਮੱਥਾ ਟੇਕਣ ਲਈ ਨਾ ਆਵੇ।