ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਸੂਬੇ ਭਰ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਥਾਂ-ਥਾਂ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਘਰਾਂ ਵਿਚ ਰਹਿ ਕੇ ਮਜ਼ਦੂਰ ਦਿਵਸ ਮਨਾਇਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਬਲਾਕ ਅਤੇ ਜਿਲਾ ਪੱਧਰ ਤੇ ਵੀ ਅੱਜ ਆਗੂਆਂ ਨੇ ਮੀਟਿੰਗਾਂ ਕੀਤੀਆਂ ਪਰ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਇਹਨਾਂ ਮੀਟਿੰਗਾਂ ਵਿਚ 4-5 ਆਗੂ ਹੀ ਸ਼ਾਮਲ ਹੋਈਆਂ। ਸੂਬਾ ਪ੍ਰਧਾਨ ਨੇ ਕਿਹਾ ਕਿ ਮਈ ਦਿਵਸ ਅਸਲ ਵਿੱਚ ਜਬਰ ਤੇ ਲੁੱਟ ਤੋਂ ਮੁਕਤੀ ਲਈ ਸੰਘਰਸ਼ ਦੀ ਸ਼ੁਰੂਆਤ ਸੀ ਜਿਸ ਦੀ ਅੱਜ ਵੀ ਓਨੀ ਸਾਰਥਿਕਤਾ ਹੈ। ਉਨਾਂ ਕਿਹਾ ਕਿ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਨੀਤੀਆਂ ਨੂੰ ਭਾਰਤ ਦਾ ਅਖੌਤੀ ਵਿਕਾਸ ਅਤੇ ਕਿਰਤ ਕਨੂੰਨਾਂ ਨੂੰ ਸਰਮਾਏਪੱਖੀ ਬਣਾ ਕੇ ਮਜਦੂਰ ਸੰਘਰਸ਼ਾਂ ਨੂੰ ਕੁਚਲਿਆ ਜਾ ਰਿਹਾ ਹੈ ਜਿਸ ਲਈ ਸਮੂਹ ਵਰਗਾਂ ਨੂੰ ਇੱਕ ਜੁੱਟ ਹੋਣਾ ਪਵੇਗਾ।
ਉਨਾਂ ਦੱਸਿਆ ਕਿ ਇਹਨਾਂ ਮੀਟਿੰਗਾਂ ਦੌਰਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ 45 ਸਾਲਾਂ ਤੋਂ ਕੰਮ ਕਰਦੀਆਂ ਆ ਰਹੀਆਂ ਵਰਕਰਾਂ ਤੇ ਹੈਲਪਰਾਂ ਦੀਆਂ ਸੇਵਾਵਾਂ ਨੂੰ ਰੈਗੁਲਰ ਕੀਤਾ ਜਾਵੇ ਤੇ ਫਰੰਟ ਲਾਇਨ ਵਰਕਰ ਦੇ ਤੌਰ ’ਤੇ ਕੰਮ ਕਰ ਰਹੀਆਂ ਇਹਨਾਂ ਵਰਕਰਾਂ/ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਸਾਰੀਆਂ ਵਰਕਰਾਂ ਤੇ ਹੈਲਪਰਾਂ ਨੂੰ ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਜਾਰੀ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ ਹੈ।