ਚੰਡੀਗੜ੍ਹ, 1 ਮਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਪੰਜਾਬ ਐਗਰੋ ਦੇ ਚੇਅਰਮੈਨਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 'ਮੁੱਖ ਮੰਤਰੀ ਰਾਹਤ ਫੰਡ ਕੋਵਿਡ-19' ਵਿੱਚ 21.75 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਐਗਰੋ ਅਤੇ ਸਹਾਇਕ ਯੂਨਿਟਾਂ ਦੇ ਗਰੁੱਪ ਏ ਦੇ ਅਧਿਕਾਰੀਆਂ ਵੱਲੋਂ ਆਪਣੀ ਤਨਖਾਹ ਵਿੱਚੋਂ ਰਾਹਤ ਫੰਡ ਵਿੱਚ 25 ਫੀਸਦੀ ਜਦਕਿ ਬੀ ਤੇ ਸੀ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ 20 ਫੀਸਦੀ ਦਾ ਯੋਗਦਾਨ ਪਾਇਆ ਗਿਆ ਹੈ ਜਦਕਿ ਗਰੁੱਪ ਡੀ ਦੇ ਮੁਲਾਜ਼ਮਾਂ ਨੇ ਆਪਣੀ ਤਨਖਾਹ ਦਾ 15 ਫੀਸਦੀ ਦਾ ਹਿੱਸਾ ਪਾਇਆ ਹੈ।
ਇਸੇ ਦਰੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਪੰਜਾਬ ਐਗਰੋ ਦੇ ਸਮੂਹ ਸਟਾਫ ਵੱਲੋਂ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਕੀਤੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਡ ਦੇ ਚੇਅਰਮੈਨ ਆਰ.ਐਸ. ਪਾਲੀ ਅਤੇ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਡ ਦੇ ਚੇਅਰਪਰਸਨ ਗੀਤਾ ਸ਼ਰਮਾ ਨੇ ਵੀ ਇਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਪਾਇਆ ਹੈ।
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਅਤੇ ਪੰਜਾਬ ਐਗਰੋ ਜੂਸ ਲਿਮਟਡ ਦੇ ਚੇਅਰਮੈਨ ਕੁਲਵੰਤ ਸਿੰਘ ਜੋ ਪਹਿਲਾਂ ਹੀ ਆਨਰੇਰੀ ਆਧਾਰ 'ਤੇ ਅਹੁਦੇ ਦੀ ਸੇਵਾ ਨਿਭਾਅ ਰਹੇ ਹਨ, ਨੇ ਅਦਾਰੇ ਦੇ ਮੁਲਾਜ਼ਮਾਂ ਵੱਲੋਂ ਮਦਦ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਨੂੰ ਕੋਵਿਡ-19 ਦੌਰਾਨ ਲੋੜਵੰਦ ਲੋਕਾਂ ਦੀ ਭਲਾਈ ਵਾਲਾ ਕਦਮ ਕਰਾਰ ਦਿੱਤਾ ਹੈ।