- ਕੌਮਾਂਤਰੀ ਮਜਦੂਰ ਦਿਵਸ ਮੌਕੇ ਰਾਸ਼ਟਰ ਨਿਰਮਾਣ ਵਿਚ ਕਿਰਤੀਆਂ ਦੇ ਯੋਗਦਾਨ ਨੂੰ ਕੀਤਾ ਨਮਨ
- ਪੰਜਾਬ ਸਰਕਾਰ ਦੀਆਂ ਕੇਂਦਰ ਤੋਂ ਹੱਕੀ ਮੰਗਾਂ ਦੇ ਹੱਕ ਵਿਚ ਤਿਰੰਗਾ ਲਹਿਰਾਇਆ
ਚੰਡੀਗੜ੍ਹ/ਬਠਿੰਡਾ, 1 ਮਈ 2020 - ਅੱਜ ਕੌਮਾਂਤਰੀ ਮਜਦੂਰ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਨਿਰਮਾਣ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਸਾਡੇ ਕਾਮਿਆਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਇੱਥੇ ਪੰਚਾਇਤ ਭਵਨ ਵਿਖੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਤੱਕ ਪੰਜਾਬ ਦੀਆਂ ਹੱਕਾਂ ਮੰਗਾਂ ਦੀ ਅਵਾਜ਼ ਬੁਲੰਦ ਕੀਤੀ।
ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਅੱਜ ਸਾਡਾ ਮੁਲਕ ਤਰੱਕੀ ਦੇ ਜਿਸ ਮੁਕਾਮ ਤੇ ਹੈ ਉਸ ਵਿਚ ਸਾਡੇ ਕਿਰਤੀਆਂ ਦਾ ਅਹਿਮ ਯੋਗਦਾਨ ਹੈ। ਦੇਸ਼ ਦੀ ਉਨੱਤੀ ਦੀ ਇਬਾਰਤ ਇੰਨ੍ਹਾਂ ਕਾਮਿਆਂ ਦੀ ਮਿਹਨਤ ਦੇ ਪਸੀਨੇ ਨਾਲ ਲਿਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸਾਰਾ ਮੁਲਕ ਆਪਣੇ ਕਿਰਤੀਆਂ ਨੂੰ ਸਲਾਮ ਕਰਦਾ ਹੈ। ਉਨ੍ਹਾਂ ਨੇ ਕਿਹਾ ਅੱਜ ਜਦ ਅਸੀਂ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਹਾਂ ਤਾਂ ਸਾਡੇ ਕਾਮਿਆਂ ਦਾ ਸਮਾਜ ਪ੍ਰਤੀ ਯੋਗਦਾਨ ਹੁਣ ਹੋਰ ਵੀ ਵਧੇਰੇ ਪ੍ਰਤੱਖ ਹੋਕੇ ਸਮਾਜ ਦੇ ਸਾਹਮਣੇ ਆਇਆ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਮੁੜ ਦੁਹਰਾਇਆ ਕਿ ਕੇਂਦਰ ਸਰਕਾਰ ਤੋਂ ਕੋਵਿਡ 19 ਬਿਮਾਰੀ ਦੇ ਟਾਕਰੇ ਲਈ ਸਿੱਧੇ ਤੌਰ ਤੇ ਪੰਜਾਬ ਨੂੰ ਕੇਵਲ 71 ਕਰੋੜ ਰੁਪਏ ਦੀ ਮਦਦ ਹੀ ਮਿਲੀ ਹੈ ਜਦ ਕਿ ਹੋਰ ਜ਼ੋ ਰਕਮਾਂ ਪ੍ਰਾਪਤ ਹੋਈਆਂ ਹਨ ਉਹ ਪੰਜਾਬ ਰਾਜ ਦਾ ਆਪਣਾ ਹੱਕ ਸੀ ਜੋ ਕੇਂਦਰ ਵੱਲ ਬਕਾਇਆ ਸੀ ਅਤੇ ਇਹ ਰਕਮਾਂ ਕੋਵਿਡ ਬਿਮਾਰੀ ਦੇ ਨਾ ਆਉਣ ਤੇ ਵੀ ਪੰਜਾਬ ਨੂੰ ਮਿਲਣੀਆਂ ਸੀ।
ਵਿੱਤ ਮੰਤਰੀ ਨੇ ਆਖਿਆ ਕਿ ਪੰਜਾਬ ਸਵੈ ਮਾਣ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬੀਆਂ ਨੇ ਦੇਸ਼ ਦੀ ਤਰੱਕੀ ਵਿਚ ਹਰ ਖੇਤਰ ਵਿਚ ਮੋਹਰੀ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸੰਘੀ ਢਾਂਚੇ ਵਿਚ ਇਹ ਕੇਂਦਰ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਆਫ਼ਤ ਸਮੇਂ ਰਾਜਾਂ ਦੀ ਮਦਦ ਕਰੇ।ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀ ਸੰਵਿਧਾਨਕ ਜਿੰਮੇਵਾਰੀ ਬਣਦੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੋਂ ਕੋਵਿਡ 19 ਬਿਮਾਰੀ ਦਾ ਸੰਕਟ ਪੈਦਾ ਹੋਇਆ ਹੈ ਕੇਂਦਰ ਦਾ ਪੰਜਾਬ ਨਾਲ ਬੇਰੁੱਖੀ ਵਾਲਾ ਰਵਈਆ ਰਿਹਾ ਹੈ ਜੋ ਕਿ ਪੰਜਾਬ ਲਈ ਬਰਦਾਸ਼ਤ ਕਰਨਾ ਔਖਾ ਹੈ।ਪੰਜਾਬ ਦੀ ਵੰਡ ਤੋਂ ਲੈ ਕੇ ਹਰ ਮੁਸਕਿਲ ਦੌਰ ਵਿਚ ਪੰਜਾਬ ਜੇਤੂ ਹੋ ਕੇ ਨਿਕਲਿਆ ਹੈ ਅਤੇ ਤਾਜਾ ਕੋਵਿਡ ਸੰਕਟ ਵਿਚੋਂ ਵੀ ਪੰਜਾਬ ਮਜਬੂਤੀ ਨਾਲ ਜੇਤੂ ਹੋ ਕੇ ਨਿਕਲੇਗਾ।
ਵਿੱਤ ਮੰਤਰੀ ਨੇ ਇਹ ਵੀ ਸੱਪਸ਼ਟ ਕੀਤਾ ਕਿ ਪੰਜਾਬ ਵਿਚ ਜ਼ੋ ਯਾਤਰੀ, ਵਿਦਿਆਰਥੀ, ਮਜਦੂਰ ਬਾਹਰਲੇ ਰਾਜਾਂ ਤੋਂ ਆਏ ਹਨ, ਉਨ੍ਹਾਂ ਦੀ ਦੇਖਭਾਲ ਲਈ ਸਾਰੇ ਤੈਅ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਾਰਿਆਂ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਸਭ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿ ਇਸ ਬਿਮਾਰੀ ਤੋਂ ਪੀੜਤ ਹੋਣਾ ਕੋਈ ਮਿਹਣਾ ਨਹੀਂ ਹੈ ਬਲਕਿ ਇਹ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਅਜਿਹੇ ਲੋਕਾਂ ਨਾਲ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਵਿੱਤ ਮੰਤਰੀ ਨੇ ਇਸ ਮੌਕੇ ਬਠਿੰਡਾ ਦੇ ਲੋਕਾਂ ਵੱਲੋਂ ਕਰਫਿਊ ਦੌਰਾਨ ਦਿੱਤੇ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਜੈਜੀਤ ਸਿੰਘ ਜ਼ੋਹਲ, ਕੇਕੇ ਅਗਰਵਾਲ, ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸੋਕ ਪ੍ਰਧਾਨ, ਪਵਨ ਮਾਨੀ, ਟਹਿਲ ਸਿੰਘ ਸੰਧੂ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਬਲਜੀਤ ਸਿੰਘ, ਰਾਜ ਨੰਬਰਦਾਰ ਆਦਿ ਵੀ ਹਾਜਰ ਸਨ।