ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਅੱਜ ਇੱਥੇ ਸਥਾਨਕ ਸੀਟੂ ਦਫਤਰ ਵਿਖੇ 134 ਵੇਂ ਅੰਤਰਰਾਸ਼ਟਰੀ ਮਈ ਦਿਵਸ ਦੇ ਸੰਬੰਧ ਵਿੱਚ ਝੰਡਾ ਲਹਿਰਾਇਆ ਗਿਆ ਜਿਸ਼ਦੀ ਰਸਮ ਜ਼ਿਲ੍ਹਾ ਬਠਿੰਡਾ ਸੀਟੂ ਦੇ ਪ੍ਰਧਾਨ ਕਾਮਰੇਡ ਇੰਦਰਜੀਤ ਸਿੰਘ ਵਲੋਂ ਨਿਭਾਈ ਗਈ। ਇਸ ਸਮੇਂ ਉਹਨਾਂ ਦੇ ਨਾਲ ਕਾਮਰੇਡ ਗੁਰਦੇਵ ਸਿੰਘ ਬਾਂਡੀ ,ਜ਼ਿਲ੍ਹਾ ਵਿੱਤ ਸਕੱਤਰ ਪ੍ਰਤਿਭਾ ਸ਼ਰਮਾ,ਸਾਥੀ ਕੁਲਜੀਤਪਾਲ ਗੋਲਡੀ ਹਾਜ਼ਿਰ ਹੋਏ। ਇਸੇ ਤਰ੍ਹਾਂ ਵੱਖ- ਵੱਖ ਸਨਅਤੀ ਅਦਾਰਿਆਂ ਅੱਗੇ ਵੀ ਸੀਟੂ ਕਾਰਕੁੰਨਾਂ ਨੇ ਝੰਡੇ ਲਹਿਰਾਏ।
ਇਸ ਮੌਕੇ ਸਾਰੇ ਹੀ ਸਾਥੀਆਂ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾ ਕੇ ਸੀਮਤ ਸਾਥੀਆਂ ਸਮੇਤ ਇਹ ਰਸਮ ਨਿਭਾਈ ਗਈ । ਇਸ ਮੌਕੇ ਆਗੂਆਂ ਨੇ ਦੱਸਿਆ ਇਹ ਦਿਹਾੜਾ ਮਿਹਨਤਕਸ਼ ਲੋਕਾਂ ਲਈ ਬੁਹਤ ਹੀ ਮਹੱਤਤਾ ਰੱਖਦਾ ਹੈ । ਅਨੇਕਾਂ ਕੁਰਬਾਨੀਆਂ ਸਦਕਾ ਸੰਨ 1890 ਵਿੱਚ ਅੰਤਰਰਾਸ਼ਟਰੀ ਵਰਕਰ ਐਸੋਸੀਏਸ਼ਨ ਨੇ ਦਿਨ ਵਿੱਚ 8 ਘੰਟੇ ਕੰਮ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਦੀ ਸਥਿਤੀ ਬਿਲਕੁਲ ਮੇਹਨਤਕਸ਼ ਲੋਕਾਂ ਦੇ ਉਲਟ ਹੈ।
ਉਨਾਂ ਦੱਸਿਆ ਕਿ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਰੰਟ ਲਾਈਨ ਤੇ ਦਿਨ -ਰਾਤ ਸੇਵਾ ਨਿਭਾ ਰਹੀਆਂ ਆਸ਼ਾ ਵਰਕਰਾਂ ,ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਨਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆ ਸੇਵਾਵਾ ਰੈਗੂਲਰ ਕਰਕੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਭੱਤੇ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਲਈ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ । ਇਸ ਸਮੇਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪ੍ਰਕਾਸ਼ ਕੌਰ ਸੋਹੀ, ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਸਾਥੀ ਅਤੇ ਗੁਰਚਰਨ ਸਿੰਘ ਚੌਹਾਨ ਆਦਿ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ।