ਮਨਿੰਦਰਜੀਤ ਸਿੱਧੂ
- ਮਜ਼ਦੂਰ ਕੋਰੋਨਾ ਵਾਇਰਸ ਖਿਲਾਫ਼ ਚੱਲ ਰਹੀ ਜੰਗ ਦੇ ਅਸਲ ਯੋਧੇ- ਡਾ. ਮਹਿਤਾਬ ਸਿੰਘ
ਜੈਤੋ, 1 ਮਈ 2020 - ਮਜ਼ਦੂਰ ਦਿਵਸ ਦੇ ਮੌਕੇ ਤੇ ਅੱਜ ਜੈਤੋ ਪੁਲਿਸ ਵੱਲੋਂ ਨਵੀਂ ਪਿਰਤ ਪਾਉਦਿਆਂ ਮਜ਼ਦੂਰਾਂ ਦੀ ਹਂੌਸਲਾ ਅਫ਼ਜਾਈ ਕਰਨ ਲਈ ਸਬ-ਡਵੀਜ਼ਨ ਜੈਤੋ ਦੇ ਏ.ਐੱਸ.ਪੀ. ਡਾ. ਮਹਿਤਾਬ ਸਿੰਘ ਅਤੇ ਐੱਸ.ਐੱਚ.ਓ. ਥਾਣਾ ਜੈਤੋ ਇੰਸਪੈਕਟਰ ਦਲਜੀਤ ਸਿੰਘ ਨੇ ਦਾਣਾ ਮੰਡੀ ਪਿੰਡ ਚੈਨਾ ਵਿਖੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਫ਼ਲ ਵੰਡ ਕੇ ਉਹਨਾਂ ਨਾਲ ਮਜ਼ਦੂਰ ਦਿਵਸ ਮਨਾਇਆ।
ਇਸ ਮੌਕੇ ਏੱ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਅੱਜ ਪੂਰਾ ਦੇਸ਼ ਕੋਰੋਨਾ ਵਾਇਰਸ ਖਿਲਾਫ਼ ਜੋ ਜੰਗ ਲੜ ਰਿਹਾ ਹੈ, ਉਸ ਜੰਗ ਵਿੱਚ ਦੇਸ਼ ਦੇ ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਦਿਨ ਰਾਤ ਕੰਮ ਕਰਨ ਸਦਕਾ ਹੀ ਅੱਜ ਸਾਡਾ ਦੇਸ਼ ਦੁਨੀਆਂ ਦੇ ਕਦਮ ਵਿੱਚ ਕਦਮ ਮਿਲਾ ਕੇ ਚੱਲ ਰਿਹਾ ਹੈ। ਇਸ ਮੌਕੇ ਐੱਚ.ਐੱਚ.ਓ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਸਾਡੇ ਮਾਣਯੋਗ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਅੱਜ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੀ ਹੌਂਸ਼ਲਾ ਅਫ਼ਜਾਈ ਲਈ ਉਹਨਾਂ ਨੂੰ ਫ਼ਲ ਵੰਡ ਕੇ ਉਹਨਾਂ ਨਾਲ ਇਹ ਦਿਨ ਸਾਂਝਾ ਕਰ ਰਹੇ ਹਾਂ।
ਇਸ ਮੌਕੇ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨਾਇਬ ਭਗਤੂਆਣਾ ਨੇ ਕਿਹਾ ਕਿ ਅੱਜ ਦੇ ਦਿਨ ਪੁਲਿਸ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਲਈ ਅਸੀਂ ਸਾਰੀ ਮਜ਼ਦੂਰ ਜਮਾਤ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉੁਹਨਾਂ ਕਿਹਾ ਕਿ 1 ਮਈ ਦੇ ਸ਼ਹੀਦਾਂ ਦੀ ਬਦੌਲਤ ਹੀ ਅੱਜ ਸਾਰੇ ਮੁਲਾਜ਼ਮ 8 ਘੰਟਿਆਂ ਦੀ ਡਿਊਟੀ ਦਾ ਆਨੰਦ ਮਾਣਦੇ ਹਨ।