ਮਨਿੰਦਰਜੀਤ ਸਿੱਧੂ
ਜੈਤੋ, 1 ਮਈ 2020 - ਟੈਕਨੀਕਲ ਸਰਵਿਸਜ਼ ਯੂਨੀਅਨ ਨਾਲ ਜੁੜੇ ਬਿਜਲੀ ਕਾਮਿਆਂ ਨੇ ਅੱਜ ਇਥੋਂ ਦੇ ਬਿਜਲੀ ਘਰ ਦੇ ਮੁੱਖ ਦੁਆਰ ’ਤੇ ਸੂਹਾ ਫ਼ਰੇਰਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਟੀ.ਐਸ.ਯੂ. ਉਪ-ਮੰਡਲ ਜੈਤੋ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਦਲ ਸਿੰਘ ਵਾਲਾ, ਸਕੱਤਰ ਬਲਦੇਵ ਸਿੰਘ ਹਰੀਨੌ, ਮੀਤ ਪ੍ਰਧਾਨ ਰਜਿੰਦਰ ਸਿੰਘ ਪੱਪੀ, ਜੁਅਇੰਟ ਸਕੱਤਰ ਬਲਜੀਤ ਸਿੰਘ ਚੈਨਾ, ਖ਼ਜ਼ਾਨਚੀ ਚੰਦਰ ਸ਼ੇਖਰ ਜੈਤੋ, ਬੂਟਾ ਸਿੰਘ ਸਰਾਵਾਂ, ਬਲਰਾਜ ਸਿੰਘ ਸਰਾਵਾਂ, ਸਰਬਜੀਤ ਸਿੰਘ ਭੁੱਲਰ ਢੈਪਈ, ਬੂਟਾ ਸਿੰਘ ਢੈਪਈ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਨਾਇਬ ਸਿੰਘ ਭਗਤੂਆਣਾ ਨੇ ਸੰਬੋਧਨ ਕੀਤਾ।
ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਬੁਰਜੂਆ ਜਮਾਤ ਵੱਲੋਂ ਪ੍ਰੋਲੋਤਾਰੀ ਵਰਗ ਨੂੰ ਕਮਜ਼ੋਰ ਕਰਨ ਲਈ ਵਰਤੇ ਜਾ ਰਹੇ ਘਟੀਆ ਮਨਸੂਬਿਆਂ ਦਾ ਪਰਦਾਫ਼ਾਸ਼ ਕੀਤਾ। ਉਨਾਂ ਆਖਿਆ ਕਿ ਮਜ਼ਦੂਰਾਂ ਨੇ ਕੁਰਬਾਨੀਆਂ ਦੇ ਕੇ ਅੱਠ ਘੰਟੇ ਕੰਮ ਕਰਨ ਦਾ ਹੱਕ ਲਿਆ ਸੀ ਪਰ ਸਾਮਰਾਜ ਦੀ ਦਲਾਲ ਦੇਸੀ ਸਰਮਾਏਦਾਰੀ ਕਿਰਤੀਆਂ ਦਾ ਸਰੀਰਕ, ਮਾਨਸਿਕ ਤੇ ਵਿੱਤੀ ਸੋਸ਼ਣ ਕਰਨ ਤੱਕ ਅੱਪੜ ਗਈ ਹੈ। ਆਗੂਆਂ ਹੈਰਾਨੀਜਨਕ ਖੁਲਾਸਾ ਕੀਤਾ ਕਿ 1988 ’ਚ ਜਦੋਂ ਬਿਜਲੀ ਦਾ ਲੋਡ ਇਸ ਏਰੀਏ ’ਚ ਹੁਣ ਨਾਲੋਂ ਪੰਜਵਾਂ ਹਿੱਸਾ ਹੋਇਆ ਕਰਦਾ ਸੀ ਤਾਂ ਬਿਜਲੀ ਬੋਰਡ ਦੀ ਜੈਤੋ ਸਬ-ਡਵੀਜ਼ਨ ’ਚ 168 ਮੁਲਾਜ਼ਮ ਹੁੰਦੇ ਸਨ।
ਉਨਾਂ ਕਿਹਾ ਕਿ ਹੁਣ ਪੰਜ ਗੁਣਾਂ ਲੋਡ ਹੋਣ ’ਤੇ ਸਿਰਫ ਪੰਜਵਾਂ ਹਿੱਸਾ ਕਰਮਚਾਰੀ ਕੰਮ ਕਰਦੇ ਹਨ ਜੋ ਕਿ ਕਿਰਤ ਕਾਨੂੰਨ ਦੀ ਉਲੰਘਣਾ ਹੈ। ਮੰਗ ਕੀਤੀ ਗਈ ਕਿ ਬਿਜਲੀ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਪਾਵਰ ਕਾਰਪੋਰੇਸ਼ਨ ਵਿਚ ਨਵੀਂ ਭਰਤੀ ਕੀਤੀ ਜਾਵੇ। ਇਸ ਮੌਕੇ ਜ਼ੋਰਦਾਰ ਕਿਰਤੀ ਵਰਗ ਦੇ ਹੱਕ ’ਚ ਅਤੇ ਕਿਰਤ ਦੇ ਲੁਟੇਰਿਆਂ ਖ਼ਿਲਾਫ਼ ਜ਼ੰਮ ਕੇ ਨਾਅਰੇਬਾਜ਼ੀ ਵੀ ਹੋਈ।