ਮਨਿੰਦਰਜੀਤ ਸਿੱਧੂ
- ਵੱਖ-ਵੱਖ ਜਥੇਬੰਦੀਆਂ ਨੇ ਦਿੱਤੀਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਜੈਤੋ, 1 ਮਈ 2020 - ਸਥਾਨਕ ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਥਾਨਕ ਦਾਣਾ ਮੰਡੀ ਵਿਚ ‘ਮਜ਼ਦੂਰ ਦਿਵਸ’ ਪੂਰੇ ਇਨਕਲਾਬੀ ਜ਼ੋਸ਼ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਯੂਨੀਅਨ ਆਗੂਆਂ ਨੇ ਸਾਂਝੇ ਤੌਰ ’ਤੇ ਸੂਹਾ ਪਰਚਮ ਲਹਿਰਾਉਣ ਦੀ ਰਸਮ ਅਦਾ ਕੀਤੀ।
ਯੂਨੀਅਨ ਆਗੂਆਂ, ਕਿਸਾਨ ਜਥੇਬੰਦੀ ਦੇ ਕਾਰਕੁੰਨਾਂ ਅਤੇ ਮਜ਼ਦੂਰਾਂ ਨੇ ਤਣੀਆਂ ਬਾਹਾਂ ਨਾਲ ਲਾਲ ਝੰਡੇ ਨੂੰ ਸਲਾਮੀ ਦਿੰਦਿਆਂ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਅਹਿਦ ਕੀਤਾ। ਇਸ ਮੌਕੇ ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਜੈਤੋ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਮਹਿੰਦਰ ਸਿੰਘ ਚੰਦਭਾਨ ਅਤੇ ਬੱਬੀ ਜੈਤੋ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੇ ਮੌਜੂਦਾ ਨਿਜ਼ਾਮ ਵਿਚ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਪਤਲੀ ਹੁੰਦੀ ਜਾ ਰਹੀ ਹੈ ਅਤੇ ਚਾਲਾਕ ਸਿਆਸੀ ਧਿਰਾਂ ਵੱਲੋਂ ਮੁਫ਼ਤ ਆਟਾ ਦਾਲ ਜਿਹੀਆਂ ਸਕੀਮਾਂ ਚਲਾ ਕੇ ਮਿਹਨਤਕਸ਼ ਵਰਗ ਨੂੰ ਸਿਰਫ਼ ਰੋਟੀ ਤੱਕ ਸੀਮਤ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਮਜ਼ਦੂਰ ਜਮਾਤ ਦੇ ਹੱਕਾਂ ਦੀ ਗੱਲ ਕਰਨਾ ਸਿਆਸੀ ਲੀਡਰਾਂ ਦਾ ਸ਼ੁਗਲ ਬਣ ਗਿਆ ਹੈ ਪਰ ਮਜ਼ਦੂਰ ਦਿਵਸ ਵਿਚ ਇਹ ਸਿਆਸੀ ਲੀਡਰ ਸ਼ਾਮਿਲ ਨਹੀਂ ਹੁੰਦੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਸਰਮੁੱਖ ਸਿੰਘ ਅਜਿੱਤਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਨਾਇਬ ਸਿੰਘ ਭਗਤੂਆਣਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਖ਼ਜ਼ਾਨਚੀ ਸਿਕੰਦਰ ਸਿੰਘ ਅਜਿੱਤਗਿੱਲ ਨੇ ਕਿਹਾ ਕਿ ਅੱਜ ਥੋੜ ਜ਼ਮੀਨੇ ਕਿਸਾਨਾਂ ਦੀ ਹਾਲਤ ਕਈ ਮਜ਼ਦੂਰਾਂ ਤੋਂ ਵੀ ਬਦਤਰ ਹੋ ਗਈ ਹੈ।
ਉਹਨਾਂ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਖੂਨ ਪਸੀਨੇ ਨਾਲ ਪੈਦਾ ਕੀਤੀ ਫ਼ਸਲ ਦਾ ਯੋਗ ਮੁੱਲ ਨਾ ਦੇ ਕੇ ਵਪਾਰੀ ਵਰਗ ਦੀਆਂ ਤਜੌਰੀਆਂ ਭਰੀਆਂ ਹਨ। ਉਹਨਾਂ ਕਿਹਾ ਮਹਿੰਗੇ ਭਾਅ ਦੇ ਬੀਜਾਂ, ਕੀੜੇਮਾਰ ਦਵਾਈਆਂ, ਖਾਦਾਂ, ਡੀਜ਼ਲ ਅਤੇ ਬਿਜਲੀ ਨਾਲ ਪਾਲੀ ਫ਼ਸਲ ਦਾ ਕਿਸਾਨਾਂ ਨੂੰ ਕੌਡੀਆਂ ਜਿੰਨਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿਸਾਨ ਅੱਜ ਖ਼ੁਦਕਸ਼ੀਆਂ ਦੇ ਰਾਹ ਪੈ ਚੁੱਕਾ ਹੈ। ਉਹਨਾਂ ਨੇ ਸੰਕਲਪ ਕੀਤਾ ਕਿ ਉਹ ਮਨੁੱਖ ਦੀ ਸੰਪੂਰਨ ਆਜ਼ਾਦੀ ਲਈ ਚੱਲ ਰਹੇ ਸੰਘਰਸ਼ਾਂ ਵਿਚ ਵੱਧ ਚੜ ਕੇ ਯੋਗਦਾਨ ਪਾਉਂਦੇ ਰਹਿਣਗੇ।