ਰਜਨੀਸ਼ ਸਰੀਨ
ਨਵਾਂ ਸ਼ਹਿਰ, 1 ਮਈ 2020 - ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਦਿੱਤੇ ਸੱਦੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਨਰਿੰਦਰ ਨਾਥ ਸੂਦਨ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਮੇਂ ਆਪਣੇ ਘਰਾਂ ਅਤੇ ਦਫ਼ਤਰਾਂ ਵਿਖੇ ਲਾਲ ਝੰਡਾ ਲਹਿਰਾਇਆ ਗਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਬਾਅਦ ਸਾਂਝਾ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ 1886 ਵਿੱਚ ਮਜ਼ਦੂਰਾਂ ਵਲੋਂ ਆਪਣੇ ਕੰਮ ਕਰਨ ਦੇ ਘੰਟੇ ਨਿਸਚਿਤ ਕਰਵਾਉਣ ਲਈ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਕੇ ਲਾ-ਮਿਸਾਲ ਪ੍ਰਦਰਸ਼ਨ ਕੀਤਾ ਗਿਆ।
ਜਿਸ 'ਤੇ ਅੰਨੇ-ਵਾਹ ਤਸ਼ੱਦਦ ਕੀਤਾ ਅਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਇੱਕ ਬੱਚੇ ਸਮੇਤ ਸੱਤ ਸਾਥੀ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਦੇ ਖੂਨ ਵਿੱਚ ਰੰਗ ਕੇ ਚਿੱਟੇ ਝੰਡੇ ਤੋਂ ਮਜ਼ਦੂਰਾਂ ਦਾ ਲਾਲ ਝੰਡਾ ਬਣਾਇਆ ਗਿਆ। ਅੰਤਰਰਾਸ਼ਟਰੀ ਪੱਧਰ ਤੇ ਮਜ਼ਦੂਰਾਂ ਵਲੋਂ ਕੀਤੇ ਸੰਘਰਸ਼ਾਂ ਦੇ ਨਤੀਜੇ ਵਜੋਂ ਮਜ਼ਦੂਰ ਦੀ ਦਿਹਾੜੀ ਦੇ 8 ਘੰਟੇ ਕੰਮ ਕਰਨ ਦੇ ਨਿਸਚਿਤ ਹੋਏ ਸਨ। ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਓਹਲੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ 8 ਤੋਂ 12 ਕਰ ਰਹੀ ਹੈ ਤਾਂ ਜੋ ਆਪਣੇ ਕਾਰਪੋਰੇਟ ਘਰਾਣਿਆਂ ਦੇ ਮਿੱਤਰਾਂ ਨੂੰ ਲਾਕਡਾਉਨ / ਕਰਫਿਊ ਦੇ ਕਾਰਨ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਮਜ਼ਦੂਰਾਂ ਦਾ ਖੂਨ ਨਿਚੋੜਨ ਦਾ ਖੁੱਲ੍ਹਾ ਮੌਕਾ ਮਿਲ ਸਕੇ।
ਦਿਹਾੜੀ ਦੇ ਕੰਮ ਦੇ ਘੰਟੇ ਵਧਣ ਦੇ ਇਵਜ ਵਿੱਚ ਮਜ਼ਦੂਰਾਂ ਨੂੰ ਵਾਧੂ ਮਿਹਨਤਾਨਾ ਦੇਣ ਬਾਰੇ ਪੂਰੀ ਤਰ੍ਹਾਂ ਕੇਂਦਰ / ਰਾਜ ਸਰਕਾਰ ਨੇ ਚੁੱਪੀ ਸਾਧੀ ਹੋਈ ਹੈ। ਇਸ ਚੁੱਪੀ ਦਾ ਤਿੱਖਾ ਵਿਰੋਧ ਕਰਦਿਆਂ ਆਗੂਆਂ ਨੇ ਜੋਰਦਾਰ ਢੰਗ ਨਾਲ਼ ਮੰਗ ਕੀਤੀ ਕਿ ਲਾਕਡਾਉਨ / ਕਰਫਿਊ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ / ਹਰ ਜ਼ਰੂਰਤ ਮੰਦ ਨਾਗਰਿਕਾਂ ਦੇ ਘਰਾਂ ਤੱਕ ਜ਼ਰੂਰਤ ਅਨੁਸਾਰ ਲੋੜੀਂਦਾ ਰਾਸ਼ਨ ਕੇਂਦਰ / ਪੰਜਾਬ ਸਰਕਾਰ ਹਰ ਘਰ ਤੱਕ ਪੁੱਜਦਾ ਕਰੇ ਤਾਂ ਜੋ ਕੋਈ ਵੀ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਨਾ ਹੋਵੇ।
ਮਈ ਦਿਵਸ ਮਨਾਉਣ ਸਮੇਂ ਪਿਛਲੇ ਸਮੇਂ ਦੌਰਾਨ ਕਾਰੋਨਾ ਵਾਇਰਸ ਮਹਾਂਮਾਰੀ ਨਾਲ਼ ਮਰਨ ਵਾਲੇ ਲੋਕਾਂ ਅਤੇ ਕਰੋਨਾ ਗ੍ਰਸਤ ਮਰੀਜ਼ਾਂ ਦਾ ਇਲਾਜ ਕਰਦੇ ਕਰਮਚਾਰੀਆਂ ਦੇ ਸ਼ਹੀਦ ਹੋਣ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਹੀ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਗਏ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੀ ਹੋਈ ਅਚਾਨਕ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਰਾਈਵਰ ਮਨਜੀਤ ਸਿੰਘ ਦੇ ਵਾਰਿਸਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਰੈਗੂਲਰ ਨਿਯੁਕਤੀ ਦੇਣ ਦੀ ਮੰਗ ਜੋਰਦਾਰ ਢੰਗ ਨਾਲ਼ ਕੀਤੀ ਗਈ।
ਮਈ ਦਿਵਸ ਮਨਾਉਣ ਸਮੇਂ ਕੇਂਦਰ / ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀਮਤ ਗਿਣਤੀ ਵਿੱਚ ਸ਼ਾਮਲ ਸਾਥੀਆਂ ਨੇ ਸ਼ੋਸ਼ਲ ਡਿਸਟੈਂਸ ਦੀ ਪੂਰੀ- ਪੂਰੀ ਪਾਲਣਾ ਕੀਤੀ। ਇਸ ਸਮੇਂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਵਾਇਰਸ ਮਹਾਂ ਮਾਰੀ ਨਾਲ਼ ਫਰੰਟ ਲਾਈਨ ਤੇ ਜੂਝ ਰਹੇ ਹੈੱਲਥ ਵਿਭਾਗ ਅਤੇ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਸੁਰੱਖਿਆ ਕਿੱਟਾਂ ਅਤੇ ਹੋਰ ਜ਼ਰੂਰੀ ਵਸਤਾਂ ਪਹਿਲ ਦੇ ਆਧਾਰ ਤੇ ਉਪਲਬਧ ਕਰਵਾਈਆਂ ਜਾਣ ਤਾਂ ਜੋ ਉਹ ਮੁਲਾਜ਼ਮ ਬੇਝਿਜਕ ਹੋ ਕੇ ਮਰੀਜ਼ਾਂ ਦੀ ਦੇਖਭਾਲ ਕਰਦੇ ਰਹਿਣ ਅਤੇ ਕਰੋਨਾ ਵਾਇਰਸ ਮਹਾਂ ਮਾਰੀ ਨਾਲ਼ ਜੂਝ ਰਹੇ ਕੱਚੇ / ਸਕੀਮਾਂ ਅਧੀਨ ਕੰਮ ਕਰਦੇ ਅਤੇ ਰੈਗੂਲਰ ਮੁਲਾਜ਼ਮਾਂ ਦਾ 50 ਲੱਖ ਰੁਪਏ ਦਾ ਬੀਮਾ ਹਰ ਇੱਕ ਮੁਲਾਜ਼ਮ ਤੇ ਲਾਗੂ ਕੀਤਾ ਜਾਵੇ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਖਰੀਦੀਆਂ ਘਟੀਆ ਕੁਆਲਟੀ ਦੀਆਂ ਸੁਰੱਖਿਆ ਕਿੱਟਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਗੁਰਦੀਪ ਸਿੰਘ ਜੇ. ਈ. ਪਰਮਜੀਤ ਸੁਧੇੜਾ, ਦਰਸ਼ਨ ਲਾਲ, ਕਮਲ ਕੁਮਾਰ, ਮਨੀਸ਼ਾ ਰਾਣੀ, ਪ੍ਰਿਅੰਕਾ ਮਾਨ, ਬਲਵਿੰਦਰ ਸਿੰਘ, ਗੁਰਮੇਜ ਕੌਰ, ਸੰਤੋਸ਼ ਕੁਮਾਰੀ,ਕਸ਼ਮੀਰ ਸਿੰਘ, ਕਮਲਜੀਤ ਸਿੰਘ, ਅਮਰਜੀਤ ਕੌਰ, ਬੰਦਨਾ, ਅਵਲੀਨ ਕੌਰ ਆਦਿ ਸ਼ਾਮਲ ਸਨ।